ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਖਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਆਪਣੇ ਨਾਲ ਹੋਏ ਦੁਰਵਿਹਾਰ ਬਾਰੇ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਖਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਆਪਣੇ ਨਾਲ ਹੋਏ ਦੁਰਵਿਹਾਰ ਬਾਰੇ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸਵਾਤੀ ਨੇ ਵੀਰਵਾਰ ਨੂੰ ਕਰੀਬ ਸਾਢੇ ਚਾਰ ਘੰਟੇ ਤਕ ਆਪਣੀ ਰਿਹਾਇਸ਼ ‘ਤੇ ਆਏ ਪੁਲਿਸ ਅਧਿਕਾਰੀਆਂ ਨੂੰ ਆਪਬੀਤੀ ਬਾਰੇ ਵਿਸਥਾਰ ਨਾਲ ਦੱਸਿਆ।ਆਪਣੀ ਢਾਈ ਪੰਨਿਆਂ ਦੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਜਦੋਂ ਮੈਂ ਸੋਮਵਾਰ ਨੂੰ ਮੁੱਖ ਮੰਤਰੀ ਨਿਵਾਸ ਪਹੁੰਚੀ ਤਾਂ ਕੇਜਰੀਵਾਲ ਘਰ ਵਿਚ ਹੀ ਸਨ। ਮੈਂ ਡਰਾਇੰਗ ਰੂਮ ਵਿਚ ਸੀਐੱਮ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਸੀਐੱਮ ਦੇ ਪੀਏ (ਨਿੱਜੀ ਸਹਾਇਕ) ਵਿਭਵ ਕੁਮਾਰ ਉਥੇ ਆਇਆ ਤੇ ਗਾਲਾਂ ਕੱਢਣ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਾਫੀ ਦੇਰ ਤਕ ਮਾਰ-ਕੁਟਾਈ। ਪੇਟ ਵਿਚ ਲੱਤ ਮਾਰੀ ਤੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਮਾਰੀਆਂ। ਮੈਨੂੰ ਇੰਨਾ ਕੁੱਟਿਆ ਗਿਆ ਕਿ ਮੈਂ ਬੇਹੋਸ਼ ਹੋ ਗਈ।ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਵਿਭਵ ਕੁਮਾਰ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਛੇੜਛਾੜ, ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਔਰਤਾਂ ਦਾ ਅਪਮਾਨ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਛੇੜਛਾੜ ਗੈਰ-ਜ਼ਮਾਨਤੀ ਧਾਰਾ ਹੈ।ਪੁਲਿਸ ਦੇਰ ਰਾਤ ਏਮਜ਼ ‘ਚ ਸਵਾਤੀ ਦਾ ਮੈਡੀਕਲ ਕਰਵਾਇਆ ਤੇ ਵਿਭਵ ਨੂੰ ਗ੍ਰਿਫਤਾਰ ਕਰਨ ਲਈ ਕਰੀਬ 11:45 ਵਜੇ ਸਿਵਲ ਲਾਈਨ ਸਥਿਤ ਰਿਹਾਇਸ਼ ‘ਤੇ ਪਹੁੰਚੀ ਪਰ ਉਹ ਨਹੀਂ ਮਿਲਿਆ।ਹੁਣ ਪੁਲਿਸ ਕੇਜਰੀਵਾਲ ਤੇ ਘਟਨਾ ਸਮੇਂ ਮੌਕੇ ‘ਤੇ ਮੌਜੂਦ ਕਰਮੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਨਾਲ ਹੀ ਸਾਜ਼ਿਸ਼ ਦੇ ਹਰ ਪਹਿਲੂ ਦੀ ਵੀ ਜਾਂਚ ਕਰੇਗੀ। ਇਸ ਵਿਚ ਜਿਨ੍ਹਾਂ ਦੀ ਭੂਮਿਕਾ ਸਾਹਮਣੇ ਆਵੇਗੀ, ਉਨ੍ਹਾਂ ਨੂੰ ਦੋਸ਼ੀ ਬਣਾਇਆ ਜਾਵੇਗਾ। ਸ਼ੁੱਕਰਵਾਰ ਨੂੰ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਲਈ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਜਾ ਕੇ ਪੁੱਛਗਿੱਛ ਕਰੇਗੀ।