ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ਥਾਪਰ ‘ਤੇ ਅੱਜ ਲੁਧਿਆਣਾ ‘ਚ ਜਾਨਲੇਵਾ ਹਮਲਾ ਕੀਤਾ ਗਿਆ।
ਸ਼ਿਵਸੈਨਾ ਪੰਜਾਬ ਦੇ ਆਗੂ ਤੇ ਸ਼ਹੀਦ ਸੁਖਦੇਵ ਥਾਪਰ ਦੇ ਕਰੀਬੀ ਰਿਸ਼ਤੇਦਾਰ ਸੰਦੀਪ ਥਾਪਰ ਉਰਫ਼ ਗੋਰਾ ਥਾਪਰ ’ਤੇ ਨਿਹੰਗ ਸਿੰਘਾਂ ਦੇ ਬਾਣੇ ’ਚ ਆਏ ਤਿੰਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹੁਣ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਹਮਲੇ ’ਚ ਸੰਦੀਪ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੇਰ ਸ਼ਾਮ ਪੁਲਿਸ ਨੇ ਦੋ ਹਮਲਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਓਧਰ ਹਮਲੇ ਤੋਂ ਖਫਾ ਹਿੰਦੂ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਨਕਾਮੀ ਦੱਸਿਆ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ ਗਿਆਰਾਂ ਵਜੇ ਸੰਦੀਪ ਥਾਪਰ ਸਿਵਲ ਹਸਪਤਾਲ’ਚ ਕਿਸੇ ਪ੍ਰੋਗਰਾਮ ’ਚ ਹਿੱਸਾ ਲੈਣ ਤੋਂ ਬਾਅਦ ਆਪਣੇ ਸਕੂਟਰ ’ਤੇ ਗੰਨਮੈਨ ਨਾਲ ਵਾਪਸ ਆ ਰਹੇ ਸਨ। ਰਸਤੇ ’ਚ ਨਿਹੰਗ ਬਾਣੇ ’ਚ ਤਿੰਨ ਹਮਲਵਾਰਾਂ ਨੇ ਉਨ੍ਹਾਂ ਰੋਕਿਆ ਤੇ ਗੰਨਮੈਨ ਨੂੰ ਸਕੂਟਰ ਤੋਂ ਉਤਾਰ ਕੇ ਉਸ ਕੋਲੋਂ ਪਿਸਤੌਲ ਖੋਹ ਲਿਆ। ਫਿਰ ਇਕ ਹਮਲਾਵਰ ਸੰਦੀਪ ਨੂੰ ਇਕ ਪਾਸੇ ਲੈ ਗਿਆ ਜਿੱਥੇ ਤਿੰਨਾਂ ਹਮਲਾਵਰਾਂ ਨੇ ਤਲਵਾਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ।
ਸੰਦੀਪ ਹਮਲਾਵਰਾਂ ਅੱਗੇ ਹੱਥ ਜੋ਼ੜਦੇ ਰਹੇ ਪਰ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਸੰਦੀਪ ’ਤੇ ਵਾਰ ਕਰਦੇ ਰਹੇ। ਇਸ ਤੋਂ ਬਾਅਦ ਉਹ ਸੰਦੀਪ ਦਾ ਸਕੂਟਰ ਲੈ ਕੇ ਫ਼ਰਾਰ ਹੋ ਗਏ। ਹਮਲੇ ਦੀਆਂ ਤਸਵੀਰਾਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਵੀ ਹਮਲੇ ਦੀ ਵੀਡੀਓ ਬਣਾਈ ਜਿਹੜੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਜ਼ਖ਼ਮੀ ਸੰਦੀਪ ਨੂੰ ਲੋਕਾਂ ਨੇ ਹਸਪਤਾਲ ਦਾਖ਼ਲ ਕਰਵਾਇਆ।
ਓਧਰ ਦੇਰ ਸ਼ਾਮ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋ ਹਮਲਾਵਰਾਂ ਨੂੰ ਫਤ਼ਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਟਿੱਬਾ ਰੋਡ ਤੇ ਹਰਜੋਤ ਸਿੰਘ ਉਰਫ਼ ਜੋਤਾ ਵਾਸੀ, ਭਾਮੀਆਂ ਵਜੋਂ ਹੋਈ ਹੈ। ਤੀਜੇ ਹਮਲਾਵਰ ਟਹਿਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਗੰਨਮੈਨ ਖ਼ਿਲਾਫ਼ ਜਾਂਚ ਬਿਠਾ ਦਿੱਤੀ ਗਈ ਹੈ।