ਜ਼ਿਲ੍ਹੇ ਦੇ ਪਿੰਡ ਤਿਓਨਾ ਪੁਜਾਰੀਆ ’ਚ ਅੰਤਰਜਾਤੀ ਪ੍ਰੇਮ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ।
ਜ਼ਿਲ੍ਹੇ ਦੇ ਪਿੰਡ ਤਿਓਨਾ ਪੁਜਾਰੀਆ ’ਚ ਅੰਤਰਜਾਤੀ ਪ੍ਰੇਮ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਸੋਮਵਾਰ ਦੇਰ ਰਾਤ ਕੁੜੀ ਦੇ ਪਰਿਵਾਰ ਵਾਲੇ ਨੌਜਵਾਨ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਆਪਣੇ ਜਵਾਈ ਤੇ ਉਸ ਦੇ ਪੂਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ।
ਇਸ ਹਮਲੇ ਵਿਚ ਉਨ੍ਹਾਂ ਦਾ ਜਵਾਈ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਸੀ, ਜਿੱਥੇ ਮੰਗਲਵਾਰ ਦੁਪਹਿਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ’ਤੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਖ਼ਿਲਾਫ਼ ਧਾਰਾ 103 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਥਾਣਾ ਤਲਵੰਡੀ ਸਾਬੋ ਨੂੰ ਦਿੱਤੇ ਆਪਣੇ ਬਿਆਨ ‘ਚ ਜਗਰੂਪ ਸਿੰਘ ਵਾਸੀ ਪਿੰਡ ਤਿਓਨਾ ਪੁਜਾਰੀਆਂ ਨੇ ਦੱਸਿਆ ਕਿ ਉਸ ਦੇ 25 ਸਾਲਾ ਭਰਾ ਸ਼ਮਸ਼ੇਰ ਸਿੰਘ ਨੇ ਕੁਝ ਸਮਾਂ ਪਹਿਲਾਂ ਪਿੰਡ ਦੀ ਹੀ ਰਹਿਣ ਵਾਲੀ ਕਿਸੇ ਹੋਰ ਜਾਤੀ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੀ ਭਰਜਾਈ ਹਰਪ੍ਰੀਤ ਕੌਰ ਦੇ ਪਰਿਵਾਰ ਵਾਲੇ ਉਸ ਦੇ ਵਿਆਹ ਤੋਂ ਨਾਖੁਸ਼ ਸਨ, ਜਿਸ ਕਾਰਨ ਇਸ ਵਿਆਹ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਕਈ ਵਾਰ ਲੜਾਈ-ਝਗੜਾ ਵੀ ਹੋਇਆ ਸੀ।
ਪੀੜਤ ਜਗਰੂਪ ਸਿੰਘ ਅਨੁਸਾਰ ਬੀਤੀ ਸੋਮਵਾਰ ਰਾਤ ਉਸ ਦਾ ਭਰਾ ਸ਼ਮਸ਼ੇਰ ਸਿੰਘ, ਭਰਜਾਈ ਹਰਪ੍ਰੀਤ ਕੌਰ, ਉਸ ਦੀ ਮਾਤਾ ਅਮਰਜੀਤ ਕੌਰ, ਉਸ ਦਾ ਪਿਤਾ ਸੁਖਦੇਵ ਸਿੰਘ ਘਰ ਦੇ ਵਿਹੜੇ ਵਿਚ ਸੁੱਤੇ ਪਏ ਸਨ। ਇਸ ਦੌਰਾਨ ਉਸ ਦੀ ਭਰਜਾਈ ਦੇ ਪਰਿਵਾਰ ਦੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਉਸ ਦੇ ਪੂਰੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਉਕਤ ਸਾਰੇ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਪਿੰਡ ਦੇ ਲੋਕਾਂ ਵੱਲੋਂ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਮੰਗਲਵਾਰ ਦੁਪਹਿਰ ਜ਼ਖਮੀ ਨੌਜਵਾਨ ਸ਼ਮਸ਼ੇਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਾਮਲੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਨੇ ਦੱਸਿਆ ਕਿ ਉਕਤ ਕਤਲ ਪ੍ਰੇਮ ਵਿਆਹ ਕਰਵਾਉਣ ਦੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਭਰਾ ਜਗਰੂਪ ਸਿੰਘ ਦੇ ਬਿਆਨਾਂ ’ਤੇ ਗੁਰਜੀਵਨ ਸਿੰਘ, ਰੇਸ਼ਮ ਸਿੰਘ, ਬੱਬੂ ਸਿੰਘ ਵਾਸੀ ਪਿੰਡ ਤਿਓਨਾ ਪੁਜਾਰੀਆ ਅਤੇ ਜਸਵੀਰ ਸਿੰਘ ਉਰਫ਼ ਜੱਗ ਵਾਸੀ ਗੁਰੂਸਰ ਜਗ੍ਹਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 103 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।