ਸੀ.ਆਈ.ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਸੀ.ਆਈ.ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਸੀ.ਆਈ.ਏ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਮਹਾਰਾਸ਼ਟਰ ਦੇ ਇੱਕ ਨਾਮੀ ਪੱਤਰਕਾਰ ਦੇ ਕਤਲ ਮਾਮਲੇ ‘ਚ ਭਗੌੜੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੇਮੰਤ ਵਾਸੀ ਮੇਹਰ ਜ਼ਿਲ੍ਹਾ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮ 10 ਦਿਨਾਂ ਤੋਂ ਲੁਧਿਆਣਾ ਵਿੱਚ ਲੁਕਿਆ ਹੋਇਆ ਸੀ।
ਮੁਕੱਦਮਾ ਨੰਬਰ 95/2024 ਦਰਜ
ਜਾਣਕਾਰੀ ਮੁਤਾਬਿਕ ਮੁਲਜ਼ਮ ਹੇਮੰਤ ਨੇ ਆਪਣੀ ਪ੍ਰੇਮਿਕਾ ਸਾਕਸ਼ੀ ਗਰੋਵਰ ਪਤਨੀ ਮੋਹਿਤ ਨਾਲ ਮਿਲ ਕੇ ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਮਸ਼ਹੂਰ ਪੱਤਰਕਾਰ ਵਿਨੈ ਪੁਣੇਕਰ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤੀ ਸੀ।
ਜਿਸ ਕਾਰਨ ਮੁਲਜ਼ਮ ਅਤੇ ਉਸਦੀ ਪ੍ਰੇਮਿਕਾ ਖਿਲਾਫ ਮਹਾਰਾਸ਼ਟਰ ‘ਚ ਮੁਕੱਦਮਾ ਨੰਬਰ 95/2024 ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦਰਜ ਹਨ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ।
3 ਦਿਨ ਦਾ ਰਿਮਾਂਡ ਹਾਸਲ
ਮੁਲਜ਼ਮ ਚਾਰ-ਪੰਜ ਮਹੀਨਿਆਂ ਤੋਂ ਫ਼ਰਾਰ ਸੀ। ਲੁਧਿਆਣਾ CIA ਨੂੰ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਲੁਧਿਆਣਾ ਵਿੱਚ ਲੁਕਿਆ ਹੋਇਆ ਹੈ। ਜਿਸ ਤੋਂ ਬਾਅਦ ਸਖਤ ਮਿਹਨਤ ਅਤੇ ਖੁਫੀਆ ਸੂਤਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਨੇ ਲੁਧਿਆਣਾ ਤੋਂ ਇੱਕ ਅਪਰੇਸ਼ਨ ਦੌਰਾਨ ਮੁਲਜ਼ਮ ਨੂੰ ਫੜ ਲਿਆ।
ਮੁਲਜ਼ਮ ਦੀ ਪ੍ਰੇਮਿਕਾ ਨੂੰ ਇਸ ਮਾਮਲੇ ਵਿੱਚ ਮਹਾਰਾਸ਼ਟਰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਲੁਧਿਆਣਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਲਈ ਮੁਲਜ਼ਮ ਹੇਮੰਤ ਨੂੰ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਮੁਲਜ਼ਮ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।