ਸੀਪੀ ਨੇ ਦੱਸਿਆ ਕਿ ਰਾਹੁਲ ਉਰਫ਼ ਰੌਲਾ ਖ਼ਿਲਾਫ਼ ਕੁੱਲ 12 ਕੇਸ ਦਰਜ ਹਨ
ਵਿਦੇਸ਼ ’ਚ ਬੈਠੇ ਅੱਤਵਾਦੀ ਗੋਲਡੀ ਬਰਾੜ ਦੇ ਸਾਲੇ ਗੁਰਿੰਦਰ ਪਾਲ ਸਿੰਘ ਉਰਫ਼ ਗੋਰਾ ਉਰਫ਼ ਭਾਊ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਗੈਂਗਸਟਰ ਰਾਹੁਲ ਉਰਫ਼ ਰੌਲਾ ਅਤੇ ਉਸ ਦੇ ਪੰਜ ਸਾਥੀਆਂ ਨੂੰ ਇਸਲਾਮਾਬਾਦ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ ਤੇ ਨੌਂ ਕਾਰਤੂਸ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ। ਸੀਪੀ ਰਣਜੀਤ ਸਿੰਘ ਤੇ ਏਡੀਸੀਪੀ ਦਰਪਨ ਆਹਲੂਵਾਲੀਆ ਨੇ ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਕਾਨਫਰੰਸ ਵਿਚ ਮੁਲਜ਼ਮਾਂ ਦੀ ਪਛਾਣ ਰਾਹੁਲ ਉਰਫ਼ ਰੌਲਾ ਵਾਸੀ ਹਰੀਪੁਰਾ, ਕਰਨ ਉਰਫ਼ ਟਿੱਡਾ ਵਾਸੀ ਗੇਟ ਹਕੀਮਾਂ, ਸੁਖਦੀਪ ਸਿੰਘ ਉਰਫ਼ ਗੋਰੀ, ਅਭੈ ਸ਼ਰਮਾ, ਰਾਘਵ ਕੁਮਾਰ, ਰਮੇਸ਼ ਉਰਫ਼ ਅਰੁਣ ਵਾਸੀ ਇਸਲਾਮਾਬਾਦ ਵਜੋਂ ਹੋਈ ਹੈ।
ਸੀਪੀ ਨੇ ਦੱਸਿਆ ਕਿ ਰਾਹੁਲ ਉਰਫ਼ ਰੌਲਾ ਖ਼ਿਲਾਫ਼ ਕੁੱਲ 12 ਕੇਸ ਦਰਜ ਹਨ ਅਤੇ ਉਹ ਮਈ ਮਹੀਨੇ ਵਿਚ ਹੁਸ਼ਿਆਰਪੁਰ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਹੈ। ਮੁਲਜ਼ਮ ਕਤਲ ਕੇਸ ਵਿਚ ਅੱਠ ਸਾਲ ਜੇਲ੍ਹ ਕੱਟ ਚੁੱਕਾ ਹੈ। ਕੁਝ ਸਮਾਂ ਪਹਿਲਾਂ ਇਸੇ ਜੇਲ੍ਹ ਵਿਚ ਵਿਦੇਸ਼ ਵਿਚ ਲੁਕੇ ਖ਼ਤਰਨਾਕ ਅੱਤਵਾਦੀ ਗੋਲਡੀ ਬਰਾੜ ਦੇ ਸਾਲੇ ਗੁਰਿੰਦਰ ਸਿੰਘ ਉਰਫ਼ ਗੋਰਾ ਉਰਫ਼ ਭਾਊ ਨਾਲ ਉਸ ਦੀ ਲੜਾਈ ਹੋ ਗਈ ਸੀ। ਦੋਵਾਂ ਨੇ ਇਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਹੁਣ ਰਾਹੁਲ ਨੂੰ ਡਰ ਸੀ ਕਿ ਗੋਰਾ ਹੁਣ ਗੋਲਡੀ ਬਰਾੜ ਰਾਹੀਂ ਉਸ ਦਾ ਕਤਲ ਕਰਵਾਉਣ ਲਈ ਗੁੰਡੇ ਭੇਜ ਰਿਹਾ ਹੈ। ਹੋਣ ਵਾਲੇ ਹਮਲੇ ਤੋਂ ਬਚਣ ਲਈ ਅਤੇ ਗੋਰਾ ਦੇ ਕਤਲ ਦੀ ਯੋਜਨਾ ਬਣਾਉਣ ਲਈ ਰਾਹੁਲ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਇਸ ਗਿਰੋਹ ਦਾ ਗਠਨ ਕੀਤਾ ਸੀ। ਹੁਣ ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖੇਪ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪੰਜਾਬ ਭਰ ਵਿਚ ਲੁੱਟਾਂ-ਖੋਹਾਂ ਅਤੇ ਰੰਗਦਾਰੀਆਂ ਦਾ ਸਿਲਸਿਲਾ ਸ਼ੁਰੂ ਕਰਨਾ ਸੀ। ਪਰ ਪੁਲਿਸ ਨੇ ਉਨ੍ਹਾਂ ਨੂੰ ਹਾਲ ਬਾਜ਼ਾਰ ਦੇ ਕੋਲ ਇਕ ਹੋਟਲ ਵਿਚ ਬੈਠ ਕੇ ਵਿਊਂਤਬੰਦੀ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ।
ਸੀਪੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਹੁਲ ਉਰਫ਼ ਰੌਲਾ ਖ਼ਿਲਾਫ਼ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਵਿਚ ਕੁੱਲ 12 ਕੇਸ ਦਰਜ ਹਨ। ਜਦੋਂ ਕਿ ਗੁਰਿੰਦਰ ਸਿੰਘ ਉਰਫ਼ ਗੋਰਾ ਖ਼ਿਲਾਫ਼ ਜ਼ਿਲ੍ਹਾ ਹੁਸ਼ਿਆਰਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ, ਸਪੈਸ਼ਲ ਸੈੱਲ (ਨਵੀਂ ਦਿੱਲੀ), ਮੁਹਾਲੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਚ ਕੁੱਲ 16 ਕੇਸ ਦਰਜ ਹਨ। ਕਰਨ ਦੇ ਖ਼ਿਲਾਫ਼ ਲੁੱਟ-ਖੋਹ ਦੇ ਦੋ ਮਾਮਲੇ ਦਰਜ ਹਨ, ਜਦਕਿ ਸੁਖਦੀਪ ਸਿੰਘ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ’ਚ ਇਕ ਮਾਮਲਾ ਦਰਜ ਹੈ। ਜਦੋਂ ਕਿ ਰਮੇਸ਼ ਖ਼ਿਲਾਫ਼ ਨਾਬਾਲਗ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਦਰਜ ਹੈ।
ਏਐੱਸਆਈ ਅਸ਼ਵਨੀ ਹੋਣਗੇ ਸਨਮਾਨਿਤ
ਇਹ ਖ਼ੁਲਾਸਾ ਹੋਇਆ ਹੈ ਕਿ ਉਕਤ ਵੱਡੇ ਗਿਰੋਹ ਦੇ ਮੈਂਬਰਾਂ ਨੂੰ ਫੜਨ ਲਈ ਏਐੱਸਆਈ ਅਸ਼ਵਨੀ ਕੁਮਾਰ ਪੂਰੀ ਕਾਰਵਾਈ ਦੀ ਅਗਵਾਈ ਕਰ ਰਹੇ ਸੀ। ਮੁਲਜ਼ਮਾਂ ਨੇ ਆਉਣ ਵਾਲੇ ਦਿਨਾਂ ਵਿਚ ਹਥਿਆਰਾਂ ਦਾ ਆਰਡਰ ਦੇ ਕੇ ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਪਰ ਪੁਲਿਸ ਦੀ ਚੌਕਸੀ ਕਾਰਨ ਇਹ ਸਾਰੇ ਫੜੇ ਗਏ। ਸੀਪੀ ਜਲਦ ਹੀ ਏਐੱਸਆਈ ਅਸ਼ਵਨੀ ਕੁਮਾਰ ਨੂੰ ਸਨਮਾਨਿਤ ਕਰਨਗੇ। ਅਸ਼ਵਨੀ ਨੇ ਕੋਟ ਖ਼ਾਲਸਾ ਪੁਲਿਸ ਚੌਕੀ ’ਚ ਆਪਣੇ 28 ਦਿਨਾਂ ਦੇ ਕਾਰਜਕਾਲ ਦੌਰਾਨ ਅਪਰਾਧਿਕ ਵਾਰਦਾਤਾਂ ’ਚ ਸ਼ਾਮਲ 29 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।