ਪਿੰਡ ਨੂਰਾਵਾਲਾ ਦੇ ਕਨੀਜਾ ਰੋਡ ਵਾਸੀ ਦੀਪੂ ਦੇ ਭਰਾ ਵਿੱਕੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ
ਸਥਾਨਕ ਪਿੰਡ ਨੂਰਾਂਵਾਲਾ ਰਹਿਣ ਵਾਲੇ ਨੌਜਵਾਨ ਉੱਪਰ ਉਸ ਦੇ ਦੋਸਤ ਨੇ ਹੀ ਗੋਲ਼ੀ ਚਲਾ ਦਿੱਤੀ। ਗੋਲ਼ੀ ਨੌਜਵਾਨ ਦੀ ਅੱਖ ਪਾੜ ਕੇ ਸਿਰ ‘ਚ ਜਾ ਫਸੀ। ਉਕਤ ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਬੇਹੱਦ ਗੰਭੀਰ ਹਾਲਤ ‘ਚ ਪੀਜੀਆਈ ਹਸਪਤਾਲ ਦਾਖਲ ਕਰਵਾਇਆ ਗਿਆ। ਗੋਲ਼ੀ ਲੱਗਣ ਕਾਰਨ ਫੱਟੜ ਹੋਏ ਨੌਜਵਾਨ ਦੀ ਪਛਾਣ ਦੀਪਕ ਉਰਫ ਦੀਪੂ ਦੇ ਰੂਪ ‘ਚ ਹੋਈ ਹੈ ਜੋ ਕਿ ਫੈਕਟਰੀ ‘ਚ ਫੋਲਡਿੰਗ ਮਸ਼ੀਨ ਚਲਾਉਣ ਦਾ ਕਾਰੀਗਰ ਹੈ। ਉਕਤ ਮਾਮਲੇ ‘ਚ ਥਾਣਾ ਮੇਹਰਬਾਨ ਪੁਲਿਸ ਵੱਲੋਂ ਮੁਲਜ਼ਮ ਗੁਨੀਤ ਸਿੰਘ ਸੋਨੂ ਤੇ ਅਮਨਦੀਪ ਸਿੰਘ ਖਿਲਾਫ ਇਰਾਦਾ ਕਤਲ ਤੇ ਆਰਮ ਐਕਟ ਅਧੀਨ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡ ਨੂਰਾਵਾਲਾ ਦੇ ਕਨੀਜਾ ਰੋਡ ਵਾਸੀ ਦੀਪੂ ਦੇ ਭਰਾ ਵਿੱਕੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ 15 ਜੁਲਾਈ ਦੀ ਰਾਤ ਕਰੀਬ 8 ਵਜੇ ਉਸਦੇ ਭਰਾ ਦੀਪੂ ਨੂੰ ਕੁਝ ਦੋਸਤ ਜਿਮ ਲੈ ਜਾਣ ਲਈ ਘਰੋਂ ਸੱਦ ਕੇ ਲੈ ਗਏ ਸਨ। ਦੀਪੂ ਦੋਸਤਾਂ ਨਾਲ ਘਰੋਂ ਤਾਂ ਗਿਆ ਪਰ ਦੇਰ ਰਾਤ ਤਕ ਵਾਪਸ ਨਹੀਂ ਆਇਆ। ਅਗਲੇ ਦਿਨ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਦੀਪੂ ਛੱਪੜ ਕੰਢੇ ਬੇਹੋਸ਼ ਪਿਆ ਹੈ। ਪਰਿਵਾਰ ਮੌਕੇ ‘ਤੇ ਪੁੱਜਾ ਤਾਂ ਵੇਖਿਆ ਕਿ ਦੀਪੂ ਦੀ ਸੱਜੀ ਅੱਖ ‘ਚੋਂ ਕਾਫੀ ਖ਼ੂਨ ਵਗ ਰਿਹਾ ਸੀ ਤੇ ਉਹ ਦਰਦ ਨਾਲ ਚੀਕ ਰਿਹਾ ਸੀ। ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਪਰਿਵਾਰ ਵਾਲੇ ਨਜ਼ਦੀਕੀ ਹਸਪਤਾਲ ਲੈ ਗਏ ਜਿੱਥੋਂ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਲਿਆਂਦਾ ਗਿਆ।
ਪੀਜੀਆਈ ਹਸਪਤਾਲ ‘ਚ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੀਪੂ ਦੀ ਅੱਖ ਵਿਚ ਗੋਲ਼ੀ ਮਾਰੀ ਗਈ ਹੈ ਤੇ ਅੱਖ ‘ਚ ਲੱਗੀ ਗੋਲ਼ੀ ਸਿਰ ਵਿਚ ਜਾ ਫਸੀ ਹੈ। ਉਨ੍ਹਾਂ ਆਪਰੇਸ਼ਨ ਕਰ ਕੇ ਦੀਪੂ ਦੇ ਸਿਰ ‘ਚ ਲੱਗੀ ਗੋਲ਼ੀ ਤਾਂ ਕੱਢ ਦਿੱਤੀ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ‘ਚ ਥਾਣਾ ਮਿਹਰਬਾਨ ਪੁਲਿਸ ਨੇ ਦੀਪੂ ਦੇ ਦੋਸਤ ਪੁਨੀਤ ਸਿੰਘ, ਅਮਨਦੀਪ ਤੇ ਸੋਨੂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਮੁਤਾਬਕ ਦੀਪੂ ਦੀ ਹਾਲਤ ਵਿੱਚ ਕੁਝ ਸੁਧਾਰ ਹੋਣ ਮਗਰੋਂ ਬਿਆਨ ਲੈ ਕੇ ਤਫਤੀਸ਼ ਅੱਗੇ ਵਧਾਈ ਜਾਵੇਗੀ।