ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕੱਟੜਾ ਸੰਗਰਾਮਪੁਰਾ ਅਮੇਠੀ ਯੂਪੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੱਟੀ ਸਥਿਤ ਫਲਿਪ ਕਾਰਡ ਦੇ ਦਫਤਰ ਵਿਚ ਟੀਐੱਲ ਦੀ ਪੋਸਟ ’ਤੇ ਕੰਮ ਕਰਦਾ ਹੈ।
ਕਸਬਾ ਪੱਟੀ ’ਚ ਸਥਿਤ ਆਨਲਾਈਨ ਸ਼ਾਪਿੰਗ (Online Shopping) ਕੰਪਨੀ ਫਲਿਪਕਾਰਟ (Flipkart) ਦੇ ਦਫਤਰ ਵਿਚ ਦੇਰ ਸ਼ਾਮ ਦਾਖਲ ਹੋਏ ਚਾਰ ਲੁਟੇਰਿਆਂ ਨੇ ਕਰਮਚਾਰੀ ਦਾ ਮੋਬਾਈਲ ਤੇ ਦਫਤਰ ਦਾ ਲੌਕਰ ਜਿਸ ਵਿਚ ਦੋ ਲੱਖ ਦੇ ਕਰੀਬ ਨਕਦੀ ਸੀ, ਲੁੱਟ ਲਿਆ। ਜਦੋਂ ਕਰਮਚਾਰੀ ਨੇ ਵਿਰੋਧ ਕਰਨਾ ਚਾਹਿਆ ਤਾਂ ਉਸ ਨੂੰ ਪੁੱਠੀ ਕਿਰਪਾਨ ਮਾਰ ਕੇ ਧਮਕਾਇਆ ਅਤੇ ਲੁਟੇਰੇ ਫਰਾਰ ਹੋ ਗਏ। ਮੌਕੇ ’ਤੇ ਪੁੱਜੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕੱਟੜਾ ਸੰਗਰਾਮਪੁਰਾ ਅਮੇਠੀ ਯੂਪੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੱਟੀ ਸਥਿਤ ਫਲਿਪ ਕਾਰਡ ਦੇ ਦਫਤਰ ਵਿਚ ਟੀਐੱਲ ਦੀ ਪੋਸਟ ’ਤੇ ਕੰਮ ਕਰਦਾ ਹੈ। ਲੰਘੀ ਦੇਰ ਸ਼ਾਮ ਕਰੀਬ 9 ਵਜੇ ਉਹ ਆਪਣੇ ਦਫਤਰ ਵਿਚ ਮੌਜੂਦ ਸੀ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਆਏ।
ਜਿਨ੍ਹਾਂ ਵਿੱਚੋਂ ਤਿੰਨ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦਫਤਰ ਵਿਚ ਦਾਖਲ ਹੋਏ ਉਕਤ ਲੁਟੇਰਿਆਂ ਨੇ ਕਿਰਪਾਨ ਦੀ ਨੋਕ ’ਤੇ ਕਾਊਂਟਰ ਵਿੱਚੋਂ ਤਿੰਨ ਮੋਬਾਈਲ ਫੋਨਾਂ ਤੋਂ ਇਲਾਵਾ ਉਸਦਾ ਰੀਅਲਮੀਂ ਦਾ ਮੋਬਾਈਲ, ਏਟੀਐੱਮ ਅਤੇ ਅਲਮਾਰੀ ਵਿੱਚੋਂ ਕੈਸ਼ ਵਾਲਾ ਲਾਕਰ ਜਿਸ ਵਿਚ 1 ਲੱਖ 98 ਹਜਾਰ ਦੀ ਨਕਦੀ ਸੀ ਚੁੱਕ ਲਿਆ।
ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਪੁੱਠੀ ਕਿਰਪਾਨ ਉਸਦੇ ਮਾਰੀ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਥਾਣਾ ਸਿਟੀ ਪੱਟੀ ਦੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਦੇ ਬਿਆਨ ਕਲਮਬੰਦ ਕਰਕੇ ਪਰਚਾ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।