ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਨੂੰ ਪਏ ਮੀਂਹ ਨੇ ਕਾਂਬਾ ਛੇੜ ਦਿੱਤਾ ਹੈ। ਠੰਡੀਆਂ ਹਵਾਵਾਂ ਚੱਲਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੀਂਹ ਪਿਆ। ਇਸ ਕਾਰਨ ਤਾਪਮਾਨ ‘ਚ ਗਿਰਾਵਟ ਮਗਰੋਂ ਹਲਕੀ ਠੰਡਕ ਮਹਿਸੂਸ ਹੋਣ ਲੱਗੀ। ਤੇਜ਼ ਹਵਾਵਾਂ ਤੋਂ ਬਾਅਦ ਜਲੰਧਰ, ਰੋਪੜ, ਅੰਮ੍ਰਿਤਸਰ, ਬਰਨਾਲਾ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ, ਜਿਸ ਨਾਲ ਠੰਡ ਵੱਧ ਗਈ ਹੈ।
ਮੌਸਮ ਵਿਗਿਆਨੀ ਡਾ. ਪਰਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਤਾਵਰਣ ਖ਼ਰਾਬ ਸੀ, ਜਿਸ ਦੇ ਚੱਲਦਿਆਂ ਹੁਣ ਲੋਕਾਂ ਨੂੰ ਮੀਂਹ ਨਾਲ ਥੋੜ੍ਹੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੌਸਮ ‘ਚ ਬਦਲਾਅ ਦੇ ਚੱਲਦਿਆਂ ਹਵਾ ‘ਚ ਸੁਧਾਰ ਹੋਵੇਗਾ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ’ਤੇ ਵੀ ਬੀਤੇ ਦਿਨ ਬਰਫ਼ਬਾਰੀ ਹੋਈ ਅਤੇ ਰਾਜਧਾਨੀ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਦਾ ਵੱਧਣਾ ਸੁਭਾਵਿਕ ਹੈ।
ਜਾਣੋ ਹੋਰ ਸੂਬਿਆਂ ਦੇ ਮੌਸਮ ਦਾ ਹਾਲ
ਅਟਲ ਟਨਲ ਦੇ ਆਸ-ਪਾਸ, ਰੋਹਤਾਂਗ ਦੱਰਾ, ਸ਼ਿਕਾਰੀ ਦੇਵੀ ਅਤੇ ਕਮਰੁਨਾਗ ’ਚ ਬਰਫ਼ਬਾਰੀ ਕਾਰਨ ਸੈਲਾਨੀਆਂ ਦੀ ਆਵਾਜਾਈ ’ਤੇ ਰੋਕ ਲੱਗ ਗਈ ਹੈ ਅਤੇ ਮਨਾਲੀ-ਲੇਹ ਸੜਕ ਬੰਦ ਹੋ ਗਈ ਹੈ। ਸੋਲੰਗਨਾਲਾ ਅਤੇ ਮੜ੍ਹੀ ’ਚ ਹੀ ਸੈਲਾਨੀਆਂ ਨੂੰ ਰੋਕ ਦਿੱਤਾ ਗਿਆ ਹੈ। ਉੱਥੇ ਹੀ ਸੈਰ-ਸਪਾਟੇ ਵਾਲੇ ਸਥਾਨ ਗੁਲਮਰਗ ਸਮੇਤ ਜੰਮੂ-ਕਸ਼ਮੀਰ ਦੇ ਕਈ ਉੱਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਹੋਈ ਹੈ। ਜੰਮੂ, ਸਾਂਬਾ, ਕਠੂਆ ਅਤੇ ਊਧਮਪੁਰ ’ਚ ਰਾਤ ਤੋਂ ਹੀ ਭਾਰੀ ਮੀਂਹ ਦਾ ਦੌਰ ਜਾਰੀ ਹੈ।