ਰੱਖਿਆ ਮੰਤਰਾਲੇ ਵੱਲੋਂ 26 ਜਨਵਰੀ ਦੀਆਂ ਝਾਕੀਆਂ ਦੇ ਡਿਜ਼ਾਇਨ ਜਨਤਕ ਕੀਤੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ‘ਤੇ ਤੰਜ ਕਸਿਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਨਤਕ ਕੀਤੇ ਝਾਕੀ ਦੇ ਡਿਜ਼ਾਇਨ ਵਿੱਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ। ਇਸ ਸਬੰਧੀ ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਇੱਕ ਖਬਰ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵਲੋਂ ਰੱਦ ਕੀਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਸਨ ।
ਇਸ ਸਬੰਧੀ CM ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ? 26 ਜਨਵਰੀ ਦੀਆਂ ਝਾਕੀਆਂ ਦੇ ਮਾਮਲੇ ਵਿੱਚ ਤੁਸੀਂ ਭਾਜਪਾ ਦੇ ਕਹਿਣ ’ਤੇ ਪੰਜਾਬ ਦੇ ਪੱਖ ਵਿੱਚ ਖੜ੍ਹਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ‘ਤੇ ਝੂਠੇ ਅਤੇ ਬੇਤੁੱਕੇ ਇਲਜ਼ਾਮ ਲਗਾਏ । ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ…ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ।”