ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਏਸੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਏਸੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32ੁ ਡਿਗਰੀ ਸੈਲਸੀਅਸ ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਉਨ੍ਹਾਂ ਆਪਣੀ ਜੀਪ ਉੱਤੇ ਛੱਤ ਪਾਈ ਹੋਈ ਹੈ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ-ਦਰਦ ਨੂੰ ਕਿਵੇਂ ਸਮਝਣਗੇ।ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਮੋਗਾ ਦੇ ਪ੍ਰਤਾਪ ਰੋਡ ’ਤੇ ਰੋਡ ਸ਼ੋਅ ਕਰਨ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਕਿਹਾ, ‘ਤੁਹਾਡਾ ਪਿਆਰ ਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ।’ ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਕਰਮਜੀਤ ਉਨ੍ਹਾਂ ਦਾ ਛੋਟਾ ਭਰਾ ਤੇ ਬਚਪਨ ਦਾ ਦੋਸਤ ਹੈ। ਉਹ ਇਕੱਠੇ ਪੜ੍ਹਦੇ ਸਨ, ਮਿਲ ਕੇ ਕਲਾਕਾਰੀ ਵਿਚ ਅੱਗੇ ਵਧੇ।ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਤ-ਪਾਤ ਅਤੇ ਧਰਮ ਦੇ ਨਾਂ ’ਤੇ ਵੋਟਾਂ ਨਹੀਂ ਮੰਗਦੇ। ਅਸੀਂ ਆਪਣੀ ਸਰਕਾਰ ਦੇ ਪਿਛਲੇ ਦੋ ਸਾਲਾਂ ਵਿਚ ਕੀਤੇ ਕੰਮਾਂ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਾਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਦਿਲਚਸਪੀ ਸਿਰਫ਼ ਸੱਤਾ ਤੇ ਦੌਲਤ ਇਕੱਠੀ ਕਰਨ ਵਿਚ ਹੈ। ਉਨ੍ਹਾਂ ਕਿਹਾ ਕਿ ਸੁੱਖ-ਵਿਲਾਸ ਹੋਟਲ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਪਹਾੜਾਂ ਵਿਚ ਆਪਣੇ ਐਸ਼ੋ-ਆਰਾਮ ਲਈ ਆਲੀਸ਼ਾਨ ਘਰ ਬਣਵਾਏ ਹਨ। ਮਾਨ ਨੇ ਕਿਹਾ ਕਿ ਉਹ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਸਕੂਲ ਵਿਚ ਤਬਦੀਲ ਕਰ ਦੇਣਗੇ।ਇਸ ਮੌਕੇ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਡ ਸ਼ੋਅ ’ਚ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਹੀ ਕਰਾਂਗਾ, ਫ਼ਰੀਦਕੋਟ ਦੇ ਵਿਕਾਸ ਲਈ ਕੰਮ ਕਰਾਂਗਾ। ਮੈਂ ਇਸ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੰਸਦ ਵਿਚ ਉਠਾਵਾਂਗਾ ਅਤੇ ਉਨ੍ਹਾਂ ਦਾ ਹੱਲ ਕਰਾਂਗਾ’।