ਚੰਡੀਗੜ੍ਹ: ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਸਾਲ 2020 ਵਿੱਚ ਉਸ ਨੇ ਕੈਫੇ ਤੋਂ ਹੌਟ ਚਾਕਲੇਟ ਖਰੀਦੀ ਸੀ, ਜਿਸ ਦਾ ਬਿੱਲ 230 ਰੁਪਏ ਸੀ। ਜਦੋਂ ਉਸ ਨੇ ਬਿੱਲ ਦੀ ਕਾਪੀ ਦੇਖੀ ਤਾਂ ਉਸ ਵਿੱਚ ਪੇਪਰ ਕੱਪ ਦੇ 5 ਰੁਪਏ ਵੀ ਸ਼ਾਮਲ ਸਨ। ਉਸ ਪੇਪਰ ਕੱਪ ‘ਤੇ ਕੰਪਨੀ ਦਾ ਨਾਂ ਵੀ ਲਿਖਿਆ ਹੋਇਆ ਸੀ। ਜਦੋਂ ਸ਼ਿਕਾਇਤਕਰਤਾ ਪੈਂਸੀ ਸਿੰਘ ਸੋਨੀ ਨੇ ਕੈਫ਼ੇ ‘ਚ ਇਸ ‘ਤੇ ਇਤਰਾਜ਼ ਕੀਤਾ ਤਾਂ ਕੈਫ਼ੇ ਵੱਲੋਂ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ, ਉਸ ਨੇ ਇਸ ਬਾਰੇ ਅਦਾਲਤ ਵਿੱਚ ਸ਼ਿਕਾਇਤ ਕੀਤੀ ਸੀ।
ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਡਿਸਪੋਜ਼ੇਬਲ ਖਾਣ-ਪੀਣ ਦੀਆਂ ਵਸਤੂਆਂ ਅਤੇ ਸਮਾਨ ਨੂੰ ਲਿਜਾਣ ਲਈ ਕੈਰੀ ਬੈਗ ਪ੍ਰਦਾਨ ਕਰੇ ਕਿਉਂਕਿ ਇਹ ਗਾਹਕ ਵੱਲੋਂ ਖਰੀਦੇ ਗਏ ਸਮਾਨ ਦਾ ਹਿੱਸਾ ਹੈ। ਦੁਕਾਨਦਾਰ ਲਈ ਆਪਣੇ ਗਾਹਕਾਂ ਨੂੰ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨਾ ਲਾਜ਼ਮੀ ਹੈ। ਇਸ ਲਈ ਅਜਿਹੀ ਕਿਸੇ ਵੀ ਚੀਜ਼ ਲਈ ਕੋਈ ਵਾਧੂ ਚਾਰਜ ਨਹੀਂ ਲਿਆ ਜਾ ਸਕਦਾ ਹੈ।