ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਦਸੰਬਰ ਮਤਲਬ ਕਿ ਅੱਜ ਚੰਡੀਗੜ੍ਹ ਆ ਰਹੇ ਹਨ। ਇੱਥੇ ਉਹ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਮੇਅਰ ਚੋਣਾਂ ਦੇ ਨਾਲ-ਨਾਲ ਲੋਕ ਸਭਾ ਚੋਣਾਂ ਵੀ ਨੇੜੇ ਹਨ, ਜਿਸ ਕਾਰਨ ਸ਼ਾਹ ਕੋਈ ਵੱਡਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਸ਼ਾਹ ਨੇ ਪਿਛਲੇ ਸਾਲ ਚੰਡੀਗੜ੍ਹ ਫੇਰੀ ਦੌਰਾਨ ਹਜ਼ਾਰਾਂ ਪ੍ਰਸ਼ਾਸਨਿਕ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਨਿਯਮਾਂ ਨਾਲ ਮੁਲਾਜ਼ਮਾਂ ਨੂੰ ਕਾਫੀ ਫ਼ਾਇਦਾ ਹੋਵੇਗਾ।
ਸੇਵਾਮੁਕਤੀ ਦੀ ਉਮਰ 58 ਤੋਂ ਵਧਾ ਕੇ 60 ਸਾਲ ਹੋ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਮਾਰਚ ਮਹੀਨੇ ਵਿਚ ਮੁਲਾਜ਼ਮਾਂ ’ਤੇ ਇਹ ਨਿਯਮ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਤੋਂ ਬਾਅਦ ਵੀ ਸ਼ਾਹ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਸ਼ਹਿਰ ਆਏ ਸਨ। ਪਿਛਲੇ ਦੋ ਸਾਲਾਂ ਵਿਚ ਇਹ ਉਨ੍ਹਾਂ ਦਾ ਸ਼ਹਿਰ ਦਾ ਤੀਜਾ ਦੌਰਾ ਹੈ, ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸ਼ਹਿਰ ਨੂੰ ਕੋਈ ਵੱਡੀ ਸੌਗਾਤ ਦੇ ਸਕਦੇ ਹਨ।
ਦੱਸਣਯੋਗ ਹੈ ਕਿ ਅੱਜ ਅਮਿਤ ਸ਼ਾਹ ਦਾ ਕਾਫਲਾ ਥ੍ਰੀ ਬੀ. ਆਰ. ਡੀ. ਤੋਂ ਨਿਕਲ ਕੇ ਟ੍ਰਿਬੀਊਨ ਚੌਂਕ ਤੋਂ ਸਿੱਧਾ ਟਰਾਂਸਪੋਰਟ ਤੋਂ ਪੁਲਸ ਲਾਈਨ ਦੇ ਪਿੱਛੇ ਸਥਿਤ ਸੈਂਟਰ ਕਬੀਰ ਲਾਈਟ ਪੁਆਇੰਟ ਤੋਂ ਹੁੰਦਾ ਹੋਇਆ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੀਕਲ ਕਾਲਜ ਪਹੁੰਚੇਗਾ। ਇਸ ਤੋਂ ਇਲਾਵਾ ਰੂਟ ਪੰਜਾਬ ਗਵਰਨਰ ਹਾਊਸ ਦੇ ਲਈ ਵੀ ਬਣਾਇਆ ਗਿਆ ਹੈ। ਰਿਹਰਸਲ ਦੌਰਾਨ ਪੰਜ-ਪੰਜ ਮਿੰਟ ਲਈ ਸਾਰਾ ਟ੍ਰੈਫਿਕ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੂਸਰੀ ਰਿਹਰਸਲ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਕਾਫਲੇ ਦੀ ਹੋਈ। ਇਸ ਦੌਰਾਨ ਟ੍ਰੈਫਿਕ ਪੁਲਸ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਸੈਕਟਰ 17 ਪ੍ਰੈੱਸ ਲਾਈਟ ਪੁਆਇੰਟ, ਏ. ਪੀ. ਚੌਕ ਅਤੇ ਸੈਕਟਰ 7/26 ਚੌਕ ’ਤੇ ਵਾਹਨਾਂ ਦੇ ਰੁਕਣ ਕਾਰਨ ਮਾਮੂਲੀ ਜਾਮ ਲੱਗ ਗਿਆ ਸੀ।