ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੰਜਾਬ, ਅਰੁਣਾਚਲ ਪ੍ਰਦੇਸ਼ ਅਤੇ ਆਸਾਮ ’ਚ ਰਾਸ਼ਟਰੀ ਰਾਜਮਾਰਗਾਂ ਦੇ ਸੁਧਾਰ ਲਈ ਲਗਭਗ 2700 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਪੰਜਾਬ ਵਿੱਚ ਨੈਸ਼ਨਲ ਹਾਈਵੇਅ 354 ਦੇ ਨਾਲ 4 ਮਾਰਗੀ ਬਾਈਪਾਸ ਦੇ ਨਿਰਮਾਣ ਲਈ 539.37 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਮਾਰਗ ਦੀ ਕੁੱਲ ਦੂਰੀ 17.19 ਕਿਲੋਮੀਟਰ ਹੈ। ਇਸ ਦਾ ਨਿਰਮਾਣ ਈ. ਪੀ. ਸੀ. ਮੋਡ ’ਤੇ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-913 ਦੀ ਲਗਭਗ 47 ਕਿਲੋਮੀਟਰ ਲੰਮੀ ਸੜਕ ਦੇ ਨਿਰਮਾਣ ਲਈ 740.11 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਆਸਾਮ ਵਿੱਚ ਨੈਸ਼ਨਲ ਹਾਈਵੇ ਨੰਬਰ 17 ਨੂੰ 4- ਮਾਰਗੀ ਬਣਾਉਣ ਲਈ 1338.61 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਲਗਭਗ 26 ਕਿ.ਮੀ. ਲੰਮੀ ਇਸ ਸੜਕ ਦੇ ਸੁਧਾਰ ਦਾ ਉਦੇਸ਼ ਬਿਲਾਸੀਪਾਰਾ ਅਤੇ ਤੁਲੁੰਗੀਆ ਵਿਚਕਾਰ ਸੰਪਰਕ ਵਧਾਉਣਾ ਹੈ। ਇਹ ਰਾਸ਼ਟਰੀ ਰਾਜਮਾਰਗ-27 ਰਾਹੀਂ ਪੱਛਮੀ ਆਸਾਮ ਅਤੇ ਹੇਠਲੇ ਆਸਾਮ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰੇਗਾ। ਇਸ ਦੇ ਨਿਰਮਾਣ ਨਾਲ ਮੇਘਾਲਿਆ ਅਤੇ ਪੱਛਮੀ ਬੰਗਾਲ ਵਰਗੇ ਗੁਆਂਢੀ ਸੂਬਿਆਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ।