ਭਾਜਪਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।
ਲੋਕ ਸਭਾ ਚੋਣਾਂ ਦਾ ਮੰਚ ਤਿਆਰ ਹੈ। ਚੋਣ ਗਰਮੀ ਵੀ ਵਧ ਰਹੀ ਹੈ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਪੂਰੇ ਸਿਆਸੀ ਦ੍ਰਿਸ਼ ਤੋਂ ਗ਼ਾਇਬ ਹਨ। ਕੈਪਟਨ ਦੋ ਦਹਾਕਿਆਂ ਤੋਂ ਪੰਜਾਬ ਦਾ ਸਿਆਸੀ ਧੁਰਾ ਰਹੇ ਹਨ ਤੇ ਪੰਜਾਬ ਦੇ ਹਰ ਵਰਗ ‘ਚ ਉਨ੍ਹਾਂ ਦੀ ਖਾਸੀ ਪੈਠ ਹੈ।ਹੁਣ ਕੈਪਟਨ ਭਾਵੇਂ ਸਰਗਰਮ ਸਿਆਸਤ ‘ਚ ਨਜ਼ਰ ਨਹੀਂ ਆਉਂਦੇ ਪਰ ਉਨ੍ਹਾਂ ਨੇ ਆਪਣੇ ਕਰੀਬੀ ਸਾਥੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਕੈਪਟਨ ਨੇ ਅਜੇ ਤਕ ਆਪਣੀ ਪਤਨੀ ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ‘ਚ ਹਿੱਸਾ ਨਹੀਂ ਲਿਆ ਹੈ। ਇਸ ਦਾ ਕਾਰਨ ਉਨ੍ਹਾਂ ਦੀ ਸਿਹਤ ਦੱਸੀ ਜਾ ਰਹੀ ਹੈ। ਕੈਪਟਨ ਦਾ 2022 ਵਿਚ ਇੰਗਲੈਂਡ ‘ਚ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੱਲਣ-ਫਿਰਨ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਕੈਪਟਨ ਦਾ ਲੋਕ ਸਭਾ ਚੋਣਾਂ ‘ਚ ਅੱਗੇ ਨਾ ਆਉਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੂੰ ਚੋਣ ਪ੍ਰਚਾਰ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਭੂ ਸਰਹੱਦ ’ਤੇ ਕਿਸਾਨਾਂ ਦੇ ਧਰਨੇ ਕਾਰਨ ਕਿਸਾਨ ਜਥੇਬੰਦੀ ਦੇ ਆਗੂ ਪਰਨੀਤ ਕੌਰ ਨੂੰ ਸਭ ਤੋਂ ਵੱਧ ਘੇਰ ਰਹੇ ਹਨ। ਉਂਝ 2020 ‘ਚ ਕੈਪਟਨ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਸਭ ਤੋਂ ਵੱਧ ਮਦਦ ਕੀਤੀ ਸੀ। ਉਸ ਸਮੇਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ। ਹੁਣ ਸਿਹਤ ਖ਼ਰਾਬ ਹੋਣ ਕਾਰਨ ਭਾਜਪਾ ਕੈਪਟਨ ਦੇ ਸਿਆਸੀ ਤਜਰਬੇ ਦਾ ਲਾਹਾ ਨਹੀਂ ਲੈ ਪਾ ਰਹੀ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਭਾਵੇਂ ਫਿਲਹਾਲ ਸਿਆਸੀ ਪਰਿਦ੍ਰਿਸ਼ ਤੋਂ ਗ਼ਾਇਬ ਹਨ ਪਰ ਉਹ ਪੰਜਾਬ ਦੇ ਸਿਆਸੀ ਮਾਹੌਲ ‘ਤੇ ਨਜ਼ਰ ਰੱਖ ਰਹੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੇ ਕਰੀਬੀ ਤੇ ਕਾਂਗਰਸੀ ਆਗੂ ਰਮਿੰਦਰ ਆਵਲਾ ਨੂੰ ਇਸ ਸੀਟ ਤੋਂ ਚੋਣ ਲੜਵਾਉਣੀ ਚਾਹੁੰਦੇ ਸਨ। ਆਖਰੀ ਸਮੇਂ ਤਕ ਆਵਲਾ ਦੀ ਗੱਲ ਭਾਜਪਾ ‘ਚ ਨਹੀਂ ਬਣੀ। ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਆਵਲਾ ਖ਼ੁਦ ਹੀ ਪਿੱਛੇ ਹਟ ਗਏ। ਇਸ ਤੋਂ ਬਾਅਦ ਭਾਜਪਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਭਾਜਪਾ ਨੇ ਫ਼ਤਹਿਗੜ੍ਹ ਸਾਹਿਬ ਸੀਟ ਲਈ ਅਜੇ ਤਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੀਪਕ ਜੋਤੀ ਨੂੰ ਫਤਹਿਗੜ੍ਹ ਸਾਹਿਬ ਤੋਂ ਟਿਕਟ ਦਿਵਾਉਣੀ ਚਾਹੁੰਦੇ ਹਨ। ਦੀਪਕ ਜੋਤੀ ਨੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਬੱਸੀ ਪਠਾਣਾ ਤੋਂ ਚੋਣ ਲੜੀ ਸੀ। ਕੈਪਟਨ ਭਾਵੇਂ ਚੋਣ ਮੈਦਾਨ ‘ਚੋਂ ਗਾਇਬ ਹਨ ਪਰ ਸਿਸਵਾ ਫਾਰਮ ਹਾਊਸ ‘ਚ ਰਹਿ ਕੇ ਆਪਣੇ ਕਰੀਬੀਆਂ ਨੂੰ ਟਿਕਟਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।