ਲੁਧਿਆਣਾ ਜ਼ਿਲ੍ਹੇ ਵਿੱਚ ਅਫੀਮ ਦੀ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕੋਰੀਅਰ ਕੰਪਨੀ ਨੇ ਐਕਸਰੇ ਮਸ਼ੀਨ ਰਾਹੀਂ 208 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਬਰੈਂਪਟਨ ਭੇਜ ਰਿਹਾ ਸੀ। ਕੋਰੀਅਰ ਕੰਪਨੀ ਡੀਐਚਐਲ ਐਕਸਪ੍ਰੈਸ ਇੰਡੀਆ ਦੇ ਮੈਨੇਜਰ ਸਲਾਊਦੀਨ ਖਾਨ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਹੈ। ਜਾਂਚ ਅਧਿਕਾਰੀ ਰਾਮ ਮੂਰਤੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਹੈ।
ਸਲਾਊਦੀਨ ਨੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹ ਡੀਐਚਐਲ ਐਕਸਪ੍ਰੈਸ ਇੰਡੀਆ ਦਾ ਅਧਿਕਾਰੀ ਹੈ। ਉਸ ਕੋਲ ਕੋਰੀਅਰ ਨੰਬਰ DHL AWB-4067263270 ਜਸਵੀਰ ਸਿੰਘ ਵਾਸੀ ਪਿੰਡ ਗਿੱਲ ਨੇ ਬਰੈਂਪਟਨ, ਕੈਨੇਡਾ ਲਈ ਪਾਰਸਲ ਬੁੱਕ ਕਰਵਾਇਆ ਸੀ। ਪਾਰਸਲ ਕੰਪਨੀ ਵੱਲੋਂ ਸਕੈਨ ਕਰਨ ‘ਤੇ ਸ਼ੱਕੀ ਨਸ਼ੀਲੇ ਪਦਾਰਥ ਮਿਲੇ ਹਨ। ਪੁਲਿਸ ਦੀ ਹਾਜ਼ਰੀ ਵਿੱਚ ਜਦੋਂ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਟੀ-ਸ਼ਰਟਾਂ, ਦੋ ਜੈਕਟਾਂ ਤੇ ਸਿੱਕਿਆਂ ਦਾ ਇੱਕ ਡੱਬਾ ਮਿਲਿਆ।
ਜਦੋਂ ਡੱਬੇ ਤੋੜੇ ਗਏ ਤਾਂ ਉਸ ਵਿੱਚੋਂ 208 ਗ੍ਰਾਮ ਅਫੀਮ ਬਰਾਮਦ ਹੋਈ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਦੋਸ਼ੀ ਜਸਵੀਰ ਸਿੰਘ ਦਾ ਪਿਛਲਾ ਰਿਕਾਰਡ ਵੀ ਚੈੱਕ ਕਰ ਰਹੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਂਝ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।