ਗਲਤੀ ਨਾਲ ਭਾਰਤੀ ਖੇਤਰ ‘ਚ ਪੁੱਜੇ ਸਨ ਦੋ ਨੌਜਵਾਨ
ਪਾਕਿਸਤਾਨ ਵਾਲੇ ਪਾਸੇ ਤੋਂ ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤੀ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਲਈ ਆਏ ਦਿਨ ਭਾਰਤ- ਪਾਕਿ ਕੌਮਾਂਤਰੀ ਸਰਹੱਦ ‘ਤੇ ਡਰੋਨ ਭੇਜ ਕੇ ਨਸ਼ੇ ਅਤੇ ਹਥਿਆਰ ਭਾਰਤੀ ਖੇਤਰ ਵਿੱਚ ਸੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਥੇ ਸਰਹੱਦ ‘ਤੇ ਤਾਇਨਾਤ ਬੀਐਸਐਫ ਵੱਲੋਂ ਦੇਸ਼ ਵਿਰੋਧੀ ਅਨਸਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਤੋਂ ਇਲਾਵਾ ਸਮੇਂ-ਸਮੇਂ ‘ਤੇ ਪਾਕਿ ਨਾਲ ਦੋਸਤਾਨਾ ਕਾਇਮ ਰੱਖਣ ਵਿੱਚ ਮੋਹਰੀ ਰਹੀ ਹੈ। ਜਿਸ ਦੀ ਤਾਜਾ ਮਿਸ਼ਾਲ ਸੋਮਵਾਰ ਦੇਰ ਸ਼ਾਮ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਬੀਐਸਐਫ ਦੇ ਜਵਾਨਾਂ ਵੱਲੋਂ ਗਲਤੀ ਨਾਲ ਭਾਰਤ ਪਾਕਿਸਤਾਨ ਦੀ ਆਈਬੀ ਲਾਈਨ ਪਾਰ ਕਰਕੇ ਭਾਰਤੀ ਖੇਤਰ ਵਿੱਚ ਪੁੱਜੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਪੁੱਛ ਪੜਤਾਲ ਤੋਂ ਬਾਅਦ ਅਦਬ ਨਾਲ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਬਸੰਤਰ ‘ਤੇ ਡਿਊਟੀ ‘ਤੇ ਚੌਕਸ ਬੀਐਸਐਫ ਦੇ ਜਵਾਨਾਂ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਉਪਰੰਤ ਕਾਬੂ ਕਰ ਲਿਆ। ਇਸ ਉਪਰੰਤ ਬੀਐਸਐਫ ਦੇ ਜਵਾਨਾਂ ਵੱਲੋਂ ਉਕਤ ਨੌਜਵਾਨਾਂ ਤੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਖੂਬਸੂਰਤ ਪੰਛੀ ਮੋਰ ਦੇ ਪਿੱਛੇ ਪਿੱਛੇ ਆਏ ਸਨ ਅਤੇ ਉਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਭਾਰਤੀ ਖੇਤਰ ਵਿੱਚ ਦਾਖਲ ਹੋ ਗਏ ਹਨ। ਇਸ ਮੌਕੇ ‘ਤੇ ਬੀਐਸਐਫ ਤੇ ਜਵਾਨਾਂ ਵੱਲੋਂ ਉਕਤ ਨੌਜਵਾਨਾਂ ਤੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ। ਜਾਂਚ ਪੜਤਾਲ ਕਰਨ ਤੋਂ ਬਾਅਦ ਫ਼ੜੇ ਨੌਜਵਾਨ ਜਿਨ੍ਹਾਂ ਦੀ ਪਛਾਣ ਮੁਹੰਮਦ ਉਮੈਰ ਯਾਸੀਨ (16) ਪੁੱਤਰ ਯਾਸੀਨ ਮਹੇਰ ਕਲੋਨੀ ਪਿੰਡ ਜੱਸੜ ਜ਼ਿਲ੍ਹਾ ਨਾਰੋਵਾਲ ਅਤੇ ਮੁਹੰਮਦ ਅਦੀਲ ਸ਼ਾਹਿਦ (18) ਪੁੱਤਰ ਸ਼ਾਹਿਦ ਹੁਸੈਨ ਪਿੰਡ ਗੁਮੋਰਲ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ। ਉਕਤ ਨੌਜਵਾਨਾਂ ਨੂੰ ਪੁੱਛ ਪੜਤਾਲ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਬੜੇ ਅਦਬ ਨਾਲ ਪਾਕਿਸਤਾਨੀ ਰੇਂਜਰਾਂ ਦੇ ਸਪੁਰਦ ਕਰ ਕੇ ਇੱਕ ਵਾਰ ਫਿਰ ਪਾਕਿਸਤਾਨ ਨਾਲ ਦੋਸਤਾਂ ਨਾਲ ਸੰਬੰਧ ਕਾਇਮ ਰੱਖਣ ਦੀ ਮਿਸ਼ਾਲ ਕਾਇਮ ਕੀਤੀ ਹੈ। ਇਸ ਮੌਕੇ ‘ਤੇ ਪਾਕਿਸਤਾਨੀ ਨੌਜਵਾਨਾਂ ਨੇ ਬੀਐਸਐਫ ਦੇ ਚੰਗੇ ਵਤੀਰੇ ਦੀ ਸ਼ਲਾਘਾ ਕੀਤੀ ਅਤੇ ਬਿਨਾਂ ਕਾਨੂੰਨੀ ਕਾਰਵਾਈ ਤੇ ਵਾਪਸ ਪਾਕਿਸਤਾਨ ਭੇਜਣ ‘ਤੇ ਉਹਨਾਂ ਦਾ ਧੰਨਵਾਦ ਕੀਤਾ।