ਭਾਰਤੀ ਸਰਹੱਦ ਵੱਲ ਘੁੰਮਦੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਬਾਰਡਰ ਸਿਕਿਓਰਿਟੀ ਫੋਰਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
26 ਜੁਲਾਈ 2024 ਨੂੰ, ਅੱਧੀ ਰਾਤ ਦੇ ਸਮੇਂ, ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਚੌਕਸ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਇੱਕ ਵਿਅਕਤੀ ਦੀ ਸ਼ੱਕੀ ਗਤੀਵਿਧੀ ਦੇਖੀ, ਜੋ ਅੰਤਰਰਾਸ਼ਟਰੀ ਸਰਹੱਦ (ਆਈਬੀ) ਨੂੰ ਪਾਰ ਕਰ ਗਿਆ ਅਤੇ ਅੱਗੇ ਸਰਹੱਦੀ ਸੁਰੱਖਿਆ ਖੇਤਰ ਵੱਲ ਵਧਿਆ।
ਇਸ ਦੌਰਾਨ ਤੇਜ਼ ਜਵਾਬੀ ਕਾਰਵਾਈ ਦੌਰਾਨ ਜਵਾਨਾ ਨੇ ਰਣਨੀਤੀ ਬਣਾ ਕੇ ਘੁਸਪੈਠ ਕਰਨ ਵਾਲੇ ਦੇ ਨੇੜੇ ਪਹੁੰਚ ਕੀਤੀ ਅਤੇ ਉਸ ਨੂੰ ਸਰਹੱਦੀ ਖੇਤਰ ਦੇ ਨੇੜੇ 12:15 ਵਜੇ ਦੇ ਕਰੀਬ ਦਬੋਚ ਲਿਆ। ਮੁੱਢਲੀ ਪੁੱਛਗਿੱਛ ‘ਤੇ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ।
ਪਾਕਿਸਤਾਨੀ ਪਛਾਣ ਪੱਤਰ ਬਰਾਮਦ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਤਨਖੁਰਦ ਦੇ ਨਾਲ ਲੱਗਦੇ ਇਲਾਕੇ ‘ਚ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕੋਲੋਂ 01 ਮੋਬਾਈਲ ਫ਼ੋਨ, 01 ਪਾਕਿਸਤਾਨੀ ਰਾਸ਼ਟਰੀ ਪਛਾਣ ਪੱਤਰ, 01 ਪੈਨਡ੍ਰਾਈਵ ਅਤੇ 175 ਰੁਪਏ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਬਰਾਮਦ ਹੋਇਆ।
ਬੀਐਸਐਫ ਅਤੇ ਹੋਰ ਏਜੰਸੀਆਂ ਦੁਆਰਾ ਮੁਢਲੀ ਪੁੱਛਗਿੱਛ ਤੋਂ ਬਾਅਦ, ਪਾਕਿਸਾਤੀ ਘੁਸਪੈਠੀਏ ਨੂੰ ਹੋਰ ਜਾਂਚ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਈਬੀ ਨੂੰ ਪਾਰ ਕਰਨ ਦੇ ਉਸਦੇ ਇਰਾਦਿਆਂ ਜਾਂ ਯੋਜਨਾਵਾਂ ਬਾਰੇ ਜਾਣਨ ਲਈ ਕਿਹਾ ਗਿਆ। ਚੌਕਸ ਬੀਐਸਐਫ ਜਵਾਨਾਂ ਨੇ ਇੱਕ ਵਾਰ ਫਿਰ ਪਾਕਿਸਤਾਨੀ ਘੁਸਪੈਠੀਏ ਨੂੰ ਬਾਰਡਰ ਪਾਰ ਕਰਨ ਦੇ ਮਨਸੂਬੇ ਨੂੰ ਖਤਮ ਕਰਦਿਆਂ ਤੇਜ਼ੀ ਨਾਲ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਆਪਣੀ ਪੇਸ਼ੇਵਰ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ।
3 ਦਿਨ ਪਹਿਲਾਂ ਵੀ ਫੜਿਆ ਗਿਆ ਸੀ ਪਾਕਿਸਤਾਨੀ ਨਾਗਰਿਕ
ਇੱਕ ਹਫਤੇ ‘ਚ ਅੰਮ੍ਰਿਤਸਰ ਸਰਹੱਦ ਤੋਂ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ। 23 ਜੁਲਾਈ ਨੂੰ ਹੀ ਬੀਐਸਐਫ ਨੇ ਇੱਕ ਘੁਸਪੈਠੀਏ ਨੂੰ ਫੜਿਆ ਸੀ। ਪਠਾਨਕੋਟ ‘ਚ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਤੋਂ ਬਾਅਦ ਅੰਮ੍ਰਿਤਸਰ ਸਰਹੱਦ ‘ਤੇ ਵੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਕਾਰਨ ਬੀਐਸਐਫ ਨੇ ਚੌਕਸੀ ਵਧਾ ਦਿੱਤੀ ਹੈ।