ਦੇਰ ਰਾਤ ਤਰਨਤਾਰਨ ਜ਼ਿਲ੍ਹੇ ਨਾਲ ਲੱਗਦੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿਚ ਦਾਖਲ ਹੋਏ ਪਾਕਿਸਤਾਨੀ ਘੁਸਪੈਠੀਏ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਕਾਬੂ ਕੀਤਾ ਹੈ।
ਇਸ ਦੌਰਾਨ ਉਸਦੀ ਲੱਤ ਵਿਚ ਗੋਲੀ ਵੀ ਲੱਗੀ। ਜਿਸਦੇ ਚੱਲਦਿਆਂ ਇਲਾਜ ਲਈ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਲੰਘੀ ਰਾਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਿਹਰਾ ਢਾਲਾ ਕੋਲ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਸ਼ੱਕੀ ਗਤੀਵਿਧੀ ਦੇਖੀ ਕਿ ਪਾਕਿਸਤਾਨੀ ਘੁਸਪੈਠੀਆ ਕੌਮਾਂਤਰੀ ਸਰਹੱਦ ਟੱਪ ਕੇ ਭਾਰਤੀ ਖੇਤਰ ਵਿਚ ਦਾਖਲ ਹੋ ਰਿਹਾ ਸੀ। ਜਵਾਨਾਂ ਨੇ ਤੁਰੰਤ ਘੁਸਪੈਠੀਏ ਨੂੰ ਰੁਕਣ ਲਈ ਚੁਣੌਤੀ ਵੀ ਦਿੱਤੀ ਪਰ ਉਹ ਅਚਨਾਕ ਕੰਢਿਆਲੀ ਤਾਰ ਵਾਲੇ ਪਾਸੇ ਨੂੰ ਭੱਜਣ ਲੱਗ ਪਿਆ। ਜਿਸਦੇ ਚੱਲਦਿਆਂ ਸੰਭਾਵੀ ਖਤਰੇ ਨੂੰ ਭਾਂਪਦਿਆਂ ਅਤੇ ਸਰਹੱਦ ‘ਤੇ ਹਾਈ ਅਲਰਟ ਦੀ ਸਥਿਤੀ ਨੂੰ ਵੇਖਦਿਆਂ ਸੰਯਮ ਦੀ ਵਰਤੋਂ ਕੀਤੀ। ਜਵਾਨਾਂ ਨੇ ਘੁਸਪੈਠੀਏ ਨੂੰ ਅਸਮਰੱਥ ਬਣਾਉਣ ਲਈ ਉਸ ’ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਇਕ ਗੋਲੀ ਉਸਦੀ ਖੱਬੀ ਲੱਤ ’ਤੇ ਲੱਗੀ ਅਤੇ ਉਹ ਸਰਹੱਦੀ ਸੁਰੱਖਿਆ ਵਾੜ ਦੇ ਕੋਲ ਡਿੱਗ ਗਿਆ। ਜ਼ਖਮੀ ਘੁਸਪੈਠੀਏ ਨੂੰ ਤੁਰੰਤ ਕਾਬੂ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਜ਼ਖ਼ਮੀ ਪਾਕਿਸਤਾਨੀ ਘੁਸਪੈਠੀਏ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਹਾਲਤ ਹੁਣ ਸਥਿਰ ਹੈ। ਪਾਕਿਸਤਾਨੀ ਘੁਸਪੈਠੀਏ ਕੋਲੋਂ ਬੀਐਸਐਫ ਅਤੇ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਤਾਂ ਜੋ ਉਸਦੇ ਸਰਹੱਦ ਪਾਰ ਆਉਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਚੱਲ ਰਹੀ ਚੋਣ ਪ੍ਰਕਿਰਿਆ ਦੇ ਕਾਰਨ ਸਰਹੱਦ ‘ਤੇ ਹਾਈ ਅਲਰਟ ਜਾਰੀ ਹੈ ਅਤੇ ਬੀਐੱਸਐੱਫ ਦੇ ਜਵਾਨਾਂ ਦੀ ਚੌਕਸੀ ਅਤੇ ਸਮੇਂ ਸਿਰ ਕਾਰਵਾਈ ਦੇ ਨਤੀਜੇ ਵਜੋਂ ਇਕ ਪਾਕਿਸਤਾਨੀ ਘੁਸਪੈਠੀਏ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ।