ਮੰਗਲਵਾਰ ਤੜਕੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਰਿਵਾਲਵਰ ਅਲਮਾਰੀ ਵਿੱਚ ਰੱਖਦੇ ਸਮੇਂ ਜੁਹੂ ਸਥਿਤ ਰਿਹਾਇਸ਼ ’ਤੇ ਵਾਪਰੀ ਘਟਨਾ
ਬਾਲੀਵੁੱਡ ਅਦਾਕਾਰ ਗੋਵਿੰਦਾ ਮੰਗਲਵਾਰ ਤੜਕੇ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਹੜੀ ਉਨ੍ਹਾਂ ਦੀ ਲੱਤ ਵਿਚ ਲੱਗੀ। ਪੁਲੀਸ ਮੁਤਾਬਕ ਗੋਵਿੰਦਾ ਉਦੋਂ ਆਪਣੀ ਜੁਹੂ ਸਥਿਤ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ ਜਦੋਂ ਇਹ ਘਟਨਾ ਵਾਪਰੀ।
ਬਾਅਦ ਵਿਚ ਗੋਵਿੰਦਾ (60) ਨੇ ਆਪਣੇ ਪ੍ਰਸੰਸਕਾਂ ਲਈ ਇਕ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਉਨ੍ਹਾਂ ਦੀ ਲੱਤ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹ ਹੁਣ ‘ਆਪਣੇ ਪ੍ਰਸੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ’ ਬਿਲਕੁਲ ਠੀਕ ਹਨ।
ਆਪਣੇ ਆਡੀਓ ਸੁਨੇਹੇ ਵਿਚ ਗੋਵਿੰਦਾ ਨੇ ਕਿਹਾ, ‘‘ਮੈਂ ਆਪਣੇ ਪ੍ਰਸੰਸਕਾਂ, ਮਾਪਿਆਂ ਦੀਆਂ ਦੁਆਵਾਂ ਅਤੇ ਭਗਵਾਨ ਦੀ ਮਿਹਰ ਸਦਕਾ ਹੁਣ ਠੀਕ ਹਾਂ। ਮੈਨੂੰ ਇਕ ਗੋਲੀ ਲੱਗ ਗਈ ਸੀ, ਜੋ ਹੁਣ ਕੱਢ ਦਿੱਤੀ ਗਈ ਹੈ। ਮੈਂ ਇਸ ਲਈ ਡਾ. ਅਗਰਵਾਲ ਜੀ ਦਾ ਧੰਨਵਾਦੀ ਹਾਂ। ਤੁਹਾਡੀਆਂ ਸਭਨਾਂ ਦੀਆਂ ਦੁਆਵਾਂ ਲਈ ਵੀ ਸ਼ੁਕਰੀਆ।’’
ਮੁੰਬਈ ਪੁਲੀਸ ਨੇ ਇਸ ਬਾਰੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜੋ ਹੁਣ ਖ਼ਤਰੇ ਤੋਂ ਬਾਹਰ ਹਨ ਤੇ ਆਪਣੇ ਘਰ ਚਲੇ ਗਏ ਹਨ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ ਕਿ ਗੋਵਿੰਦਾ ਤੜਕੇ ਕਰੀਬ ਪੌਣੇ ਪੰਜ ਵਜੇ ਹਵਾਈ ਅੱਡੇ ਲਈ ਰਵਾਨਾ ਹੋਣ ਹੀ ਵਾਲੇ ਸਨ, ਜਿਥੋਂ ਉਨ੍ਹਾਂ ਸਵੇਰੇ 6 ਵਜੇ ਕੋਲਕਾਤਾ ਇਕ ਸ਼ੋਅ ਵਾਸਤੇ ਜਾਣ ਲਈ ਉਡਾਣ ਫੜਨੀ ਸੀ। ਇਸ ਦੌਰਾਨ ਜਦੋਂ ਉਹ ਆਪਣੀ ਰਿਵਾਲਵਰ ਨੂੰ ਅਲਮਾਰੀ ਵਿਚ ਰੱਖ ਰਹੇ ਸਨ ਤਾਂ ਗ਼ਲਤੀ ਨਾਲ ਉਸ ਦਾ ਘੋੜਾ ਦੱਬਿਆ ਗਿਆ ਤੇ ਗੋਲੀ ਚੱਲ ਗਈ।