ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਵਿੱਚ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਨੇ ਮੁੜ ਤਲਬ ਕੀਤਾ ਹੈ। ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਸਿਟ ਨੇ ਮਜੀਠੀਆ ਨੂੰ ਪੁੱਛ-ਪੜਤਾਲ ਲਈ 16 ਜਨਵਰੀ ਨੂੰ ਪਟਿਆਲਾ ਵਿਖੇ ਤਲਬ ਕੀਤਾ ਹੈ।
ਉਧਰ, ਮਜੀਠੀਆ ਨੂੰ ਵਾਰ-ਵਾਰ ਤਲਬ ਕਰਨ ਕਰਕੇ ਅਕਾਲੀ ਦਲ ਵੀ ਐਕਸ਼ਨ ਮੋਡ ਵਿੱਚ ਆ ਗਿਆ ਹੈ। ਇਸ ਵਾਰ ਮਜੀਠੀਆ ਦੇ ਪਟਿਆਲਾ ਪੁੱਜਣ ’ਤੇ ਅਕਾਲੀ ਦਰ ਦੇ ਵੱਡੀ ਗਿਣਤੀ ਵਰਕਰਾਂ ਦੇ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਲਈ ਖੁਫੀਆ ਏਜੰਸੀਆਂ ਨੇ ਹੁਣੇ ਤੋਂ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਭਖ ਸਕਦਾ ਹੈ।
ਦੱਸ ਦਈਏ ਕਿ ਐਨਡੀਪੀਐਸ ਐਕਟ ਤਹਿਤ ਮੁਹਾਲੀ ’ਚ ਦੋ ਸਾਲ ਪਹਿਲਾਂ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀਂ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਗਠਿਤ ਕੀਤੀ ਗਈ ਸੀ। ਹੁਣ ਸਿਟ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ-ਪੜਤਾਲ ਲਈ 16 ਜਨਵਰੀ ਨੂੰ ਪਟਿਆਲਾ ਸਥਿਤ ਡੀਆਈਜੀ ਦੇ ਦਫਤਰ ਵਿਚ ਪੇਸ਼ ਹੋਣ ਲਈ ਸੱਦ ਲਿਆ ਹੈ। ਉਂਝ ਇਸ ਕੇਸ ਦੀ ਪੁੱਛ-ਪੜਤਾਲ ਲਈ ਭਾਵੇਂ ਮਜੀਠੀਆ ਤੋਂ 18 ਦਸੰਬਰ ਤੇ 30 ਦਸੰਬਰ ਨੂੰ ਦੋ ਵਾਰੀ ਪਟਿਆਲਾ ਵਿੱਚ ਹੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ ਪਰ ਉਦੋਂ ਇਸ ਸਿਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਸਨ। ਏਡੀਜੀਪੀ ਛੀਨਾ ਦੇ 31 ਦਸੰਬਰ ਨੂੰ ਸੇਵਾਮੁਕਤ ਹੋਣ ਉਪਰੰਤ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਬਣਾਈ ਗਈ ਹੈ।ਨਵੀਂ ਸਿੱਟ ’ਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਨਵੇਂ ਮੈਂਬਰਾਂ ਵਜੋਂ ਸਾਮਲ ਕੀਤਾ ਗਿਆ ਸੀ।