ਇੱਕੋ ਪਰਿਵਾਰ ਦੇ ਛੇ ਜੀਆਂ ਦੀ ਦਰਦਨਾਕ ਮੌਤ
ਓਡੀਸ਼ਾ ਦੇ ਕੇਂਦੁਝਾਰ ਜ਼ਿਲ੍ਹੇ ਵਿੱਚ ਦੋ ਟਰੱਕਾਂ ਵਿਚਾਲੇ ਕਾਰ ਦੀ ਟੱਕਰ ਵਿੱਚ ਇਸ ਵਿੱਚ ਸਵਾਰ ਚਾਰ ਔਰਤਾਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਰਾਤ ਨੂੰ ਚੰਪੂਆ ਵਿਧਾਨ ਸਭਾ ਹਲਕੇ ਦੇ ਚੰਪੂਆ ਥਾਣਾ ਅਧੀਨ ਰਿਮੁਲੀ ਨੇੜੇ NH 520 ‘ਤੇ ਉਸ ਸਮੇਂ ਵਾਪਰਿਆ ਜਦੋਂ ਕਾਰ ਦੇ ਅੱਗੇ ਚੱਲ ਰਹੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਕਾਰ ਪਿੱਛੇ ਤੋਂ ਆ ਕੇ ਟਕਰਾ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਦੇ ਪਿੱਛੇ ਆ ਰਹੇ ਇਕ ਹੋਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ‘ਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਕਰੀਬ 9 ਵਜੇ ਇਕ ਕਾਰ ‘ਚ ਪਰਿਵਾਰ ਦੇ 6 ਮੈਂਬਰ ਭਦਰਸਾਹੀ ਤੋਂ ਆਪਣੇ ਪਿੰਡ ਤਾਰਾਕਾਂਤ ਵੱਲ ਜਾ ਰਹੇ ਸਨ। ਰਿਮੁਲੀ ਨੇੜੇ ਅੱਗੇ ਜਾ ਰਹੇ ਇਕ ਟਰੱਕ ਨੇ ਅਚਾਨਕ ਬ੍ਰੇਕਾਂ ਮਾਰ ਦਿੱਤੀਆਂ। ਕਾਰ ਬੇਕਾਬੂ ਹੋ ਕੇ ਟਰੱਕ ਦੇ ਪਿੱਛੇ ਜਾ ਟਕਰਾਈ। ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਇਕ ਹੋਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।