NIA ਨੇ ਬੈਂਗਲੁਰੂ ਵਿੱਚ ਰਾਮੇਸ਼ਵਰਮ ਕੈਫੇ ਧਮਾਕੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
ਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਚਾਰਜਸ਼ੀਟ ‘ਚ ਕੁਝ ਹੈਰਾਨੀਜਨਕ ਆਰੋਪ ਵੀ ਸਾਹਮਣੇ ਆਏ ਹਨ। ਸਾਜ਼ਿਸ਼ਕਾਰਾਂ ਦੀ ਯੋਜਨਾ ਭਾਜਪਾ ਦਫ਼ਤਰ ਨੂੰ ਧਮਾਕਿਆਂ ਨਾਲ ਦਹਿਲਾਉਣ ਦੀ ਸੀ।
1 ਮਾਰਚ ਨੂੰ ਹੋਏ ਇਸ ਧਮਾਕੇ ‘ਚ 9 ਲੋਕ ਜ਼ਖਮੀ ਹੋ ਗਏ ਸਨ। ਇਸ ਧਮਾਕੇ ‘ਚ ਹੋਟਲ ਦੀ ਜਾਇਦਾਦ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ। ਬਾਅਦ ਵਿੱਚ ਇਸ ਅੱਤਵਾਦੀ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ।
ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਕਿ ਹਮਲੇ ਦੇ ਆਰੋਪੀ ਅਤੇ ਹੋਰ ਸਾਜ਼ਿਸ਼ਕਾਰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਜੁੜੇ ਹੋਏ ਸਨ।
ਇਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਦਾ ਕੰਮ ਵੀ ਕੀਤਾ। ਕੌਮੀ ਜਾਂਚ ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਭਾਜਪਾ ਦਫ਼ਤਰ ਵਿੱਚ ਹੋਏ ਆਈਈਡੀ ਧਮਾਕੇ ਤੋਂ ਇਲਾਵਾ ਇਨ੍ਹਾਂ ਕੱਟੜਪੰਥੀਆਂ ਦਾ ਇਰਾਦਾ ਕਈ ਹੋਰ ਥਾਵਾਂ ਤੇ ਧਮਾਕੇ ਕਰਨ ਦਾ ਸੀ।
ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਦਹਿਲਾਉਣ ਦੀ ਰਚੀ ਸੀ ਸਾਜ਼ਿਸ਼
NIA ਦੀ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਆਰੋਪੀਆਂ ਨੇ ਰਾਮੇਸ਼ਵਰਮ ਕੈਫੇ ‘ਚ ਧਮਾਕੇ ਤੋਂ ਪਹਿਲਾਂ ਵੀ ਖਤਰਨਾਕ ਯੋਜਨਾਵਾਂ ਬਣਾਈਆਂ ਸਨ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ (22 ਜਨਵਰੀ) ਕਰਨਾਟਕ ਦੇ ਬੈਂਗਲੁਰੂ ਭਾਜਪਾ ਦਫ਼ਤਰ ਵਿੱਚ ਧਮਾਕੇ ਦੀ ਪੂਰੀ ਯੋਜਨਾ ਬਣਾਈ ਗਈ ਸੀ।
ਹਾਲਾਂਕਿ ਜਦੋਂ ਯੋਜਨਾ ਕਾਮਯਾਬ ਨਹੀਂ ਹੋ ਸਕੀ ਤਾਂ ਰਾਮੇਸ਼ਵਰਮ ਕੈਫੇ ‘ਚ ਧਮਾਕਾ ਕਰ ਦਿੱਤਾ ਗਿਆ। ਇਸ ਦੇ ਲਈ ਆਰੋਪੀਆਂ ਨੇ ਕੈਫੇ ਦੇ ਆਲੇ-ਦੁਆਲੇ ਦੇ ਇਲਾਕੇ ਦੀ ਰੇਕੀ ਵੀ ਕੀਤੀ ਸੀ। ਸਾਜ਼ਿਸ਼ਕਰਤਾਵਾਂ ਵਿੱਚੋਂ ਦੋ ਮੁੱਖ ਮੁਲਜ਼ਮਾਂ ਨੇ ਧਮਾਕੇ ਦੀ ਯੋਜਨਾ ਬਣਾਈ ਸੀ।
ਮੁਲਜ਼ਮਾਂ ਦੀ ਪਛਾਣ ਮੁਸਾਵੀਰ ਹੁਸੈਨ ਸ਼ਾਜੀਬ, ਅਬਦੁਲ ਮਥੀਨ ਅਹਿਮਦ ਤਾਹਾ, ਮਾਜ਼ ਮੁਨੀਰ ਅਹਿਮਦ ਅਤੇ ਮੁਜ਼ੱਮਿਲ ਸ਼ਰੀਫ ਵਜੋਂ ਹੋਈ ਹੈ। ਇਨ੍ਹਾਂ ਚਾਰਾਂ ਨੇ ਬਿਟਕੁਆਇਨ ਰਾਹੀਂ ਫੰਡਿੰਗ ਵੀ ਹਾਸਲ ਕੀਤੀ ਸੀ।
ਚਾਰਾਂ ਮੁਲਜ਼ਮਾਂ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। NIA ਨੇ 3 ਮਾਰਚ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।