ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਲਈ ਪੁਲਿਸ ਟੀਮ ਸਰਗਰਮ ਹੈ।
ਮਾਡਲ ਟਾਊਨ ਚੌਕੀ ਦੀ ਪੁਲਿਸ ਨੇ ਕਾਰਾਂ ਚੋਰੀ ਕਰਕੇ ਉਨ੍ਹਾਂ ਦੇ ਪੁਰਜੇ ਵੇਚਣ ਵਾਲੇ ਜੀਜੇ-ਸਾਲੇ ਦੀ ਜੋੜੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੀਆਂ ਤਿੰਨ ਕਾਰਾਂ ਤੇ ਦਰਜਨਾਂ ਕਾਰਾਂ ਦੇ ਪੁਰਜੇ ਬਰਾਮਦ ਕੀਤੇ ਹਨ। ਜੋਕਿ ਅਮਲੋਹ ਇਲਾਕੇ ’ਚ ਬਣਾਏ ਗੁਦਾਮ ’ਚੋਂ ਬਰਾਮਦ ਕੀਤਾ ਗਿਆ ਹੈ।
ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਹੈਪੀ ਵਾਸੀ ਲੱਖੋਮਾਜਰਾ ਰਾਜਪੁਰਾ ਤੇ ਇਸ ਦੇ ਸਾਲੇ ਸਰਬਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਵਰਨਾ ਕਾਰਾਂ, ਇਕ ਸੈਂਟਰੋ ਤੇ ਵੱਖ-ਵੱਖ ਕੰਪਨੀ ਦੀਆਂ ਕਾਰਾਂ ਦੇ ਸਪੇਅਰ ਪਾਰਟਸ ਬਰਾਮਦ ਹੋਏ ਹਨ।
ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਲਈ ਪੁਲਿਸ ਟੀਮ ਸਰਗਰਮ ਹੈ। ਇਸ ਦੌਰਾਨ ਪਿੰਡ ਕੁਤਬਨਪੁਰ ਸਮਾਣਾ ਦੇ ਵਸਨੀਕ ਜਸਵੰਤ ਸਿੰਘ ਨੇ 31 ਜੁਲਾਈ ਨੂੰ ਪੁਲਿਸ ਕੋਲ ਕਾਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਅੰਮ੍ਰਿਤਵੀਰ ਚਾਹਲ ਤੇ ਥਾਣਾ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ’ਚ ਏਐੱਸਆਈ ਪਵਨ ਕੁਮਾਰ ਨੇ ਪਿੰਡ ਭੱਦਲਥੂਹਾ ਵਿੱਚ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਮੁਲਜ਼ਮ ਗੁਰਜੀਤ ਸਿੰਘ ਖ਼ਿਲਾਫ਼ ਫਤਿਹਗੜ੍ਹ ਸਾਹਿਬ ਵਿਖੇ ਚੋਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਹ ਅਗਸਤ 2023 ਨੂੰ ਜ਼ਮਾਨਤ ’ਤੇ ਰਿਹਾਅ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਸਨੇ ਆਪਣੇ ਜੀਜੇ ਨੇ ਮਿਲ ਕੇ ਕਾਰਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਮੁਲਜ਼ਮ ਗੁਰਜੀਤ ਸਿੰਘ ਮਕੈਨਿਕ ਦਾ ਕੰਮ ਕਰਦਾ ਸੀ, ਜੋ ਗੈਰਾਜ ਕਿਰਾਏ ’ਤੇ ਦਿੰਦਾ ਸੀ। ਵਾਹਨ ਚੋਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਪੁਰਜ਼ੇ ਵੱਖ-ਵੱਖ ਕਰ ਦਿੱਤੇ ਜਾਂਦੇ ਅਤੇ ਇਨ੍ਹਾਂ ਪੁਰਜ਼ਿਆਂ ਨੂੰ ਤੁਰੰਤ ਪਟਿਆਲਾ ਅਤੇ ਸੂਬੇ ਤੋਂ ਬਾਹਰਲੇ ਕਬਾੜੀਆਂ ਨੂੰ ਵੇਚ ਦਿੱਤਾ ਜਾਂਦਾ ਸੀ। ਐੱਸਪੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਤੋਂ ਚੋਰੀ ਦਾ ਸਾਮਾਨ ਖਰੀਦਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਟਿਆਲਾ ਦੇ ਕੁਝ ਕਬਾੜ ਡੀਲਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।