ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਧਮਕੀਆਂ ਆ ਰਹੀਆਂ ਸਨ।
ਪਿੰਡ ਢਿੱਲਵਾਂ-ਸੁਖਪੁਰਾ ਲਿੰਕ ਸੜਕ ‘ਤੇ ਕਤਲ ਦੀ ਘਟਨਾ ਵਾਪਰੀ ਹੈ। ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਜਿਸ ਦੀ ਪਛਾਣ 28 ਸਾਲਾ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਪਾ ਮੰਡੀ ਵਜੋਂ ਹੋਈ ਹੈ। ਉਹ ਪਿੰਡ ਢਿੱਲਵਾਂ ਵਿਖੇ ਕਿਸੇ ਮੋਬਾਈਲਾਂ ਦੀ ਦੁਕਾਨ ‘ਤੇ ਕੰਮ ਕਰਦਾ ਸੀ।
ਲੰਘੀ ਰਾਤ ਨੂੰ 8 ਵਜੇ ਦੇ ਕਰੀਬ ਬੱਬੂ ਨੇ ਮੋਬਾਈਲ ਫੋਨ ‘ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਘਰ ਆਉਣ ਦੀ ਗੱਲ ਕੀਤੀ ਸੀ ਪਰ ਤਪਾ ਤੋਂ ਪੱਖੋ ਕੈਂਚੀਆਂ ਰੋਡ ‘ਤੇ ਸੁਖਪੁਰਾ ਬਸ ਅੱਡੇ ਕੋਲ ਪਿੰਡ ਮੌੜ ਵਾਲੇ ਕੱਚੇ ਰਸਤੇ ‘ਚ ਉਸ ਦੀ ਕਾਰ ਬਰਾਮਦ ਹੋਈ। ਕਾਰ ਤੋਂ ਕਾਫੀ ਦੂਰੀ ‘ਤੇ ਉਸ ਦੀ ਲਾਸ਼ ਮਿਲੀ।
ਡੀਐਸਪੀ ਮਾਨਵਜੀਤ ਸਿੰਘ ਸਿੱਧੂ ਤਪਾ ਦੀ ਅਗਵਾਈ ‘ਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਧਮਕੀਆਂ ਆ ਰਹੀਆਂ ਸਨ।
ਉਨ੍ਹਾਂ ਮੰਗ ਕੀਤੀ ਕਿ ਕਾਤਲਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਵੱਖੋ-ਵੱਖਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ, ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤੇ ਵਾਰਡ ਦੇ ਐਮਸੀ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਮ੍ਰਿਤਕ ਦੇ ਚਾਚਾ ਪੰਮੀ ਟੇਲਰ, ਜਗਤਾਰ ਸਿੰਘ, ਸੁਖੁ ਸਿੰਘ,ਰਾਮਾ ਨਾਮਧਾਰੀ ਨੇੜਲੇ ਪਿੰਡ ਵਾਸੀ ਹਾਜ਼ਰ ਸਨ।