ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਹਲਕਿਆਂ ਵਿੱਚ ਇੱਕ ਦਰਜਨ ਦੇ ਕਰੀਬ ਭਰਵੀਆਂ ਮੀਟਿੰਗਾਂ ਕੀਤੀਆਂ
ਇਨ੍ਹਾਂ ਵਿੱਚੋਂ ਹਲਕਾ ਰਾਜਾ ਸਾਂਸੀ ਅਤੇ ਅਟਾਰੀ ਵਿੱਚ ਹੋਈਆਂ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰਨ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਵਿੱਚ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਹਰ ਪੰਜ ਸਾਲ ਬਾਅਦ ਭਾਰਤੀ ਜਨਤਾ ਪਾਰਟੀ ਆਪਣੀ ਝੂਠ ਦੀ ਦੁਕਾਨ ਖੋਲਦੀ ਹੈ ਅਤੇ ਲੋਕਾਂ ਦੇ ਨਾਲ ਨਵੇਂ ਨਵੇਂ ਵਾਅਦੇ ਕਰਕੇ ਨਵੇਂ ਜੁਮਲੇ ਲੋਕਾਂ ਨੂੰ ਸੁਣਾਉਂਦੀ ਹੈ। ਕਰੋੜਾਂ ਲੋਕਾਂ ਨੂੰ ਰੋਜ਼ਗਾਰ, ਹਰ ਇੱਕ ਨਾਗਰਿਕ ਨੂੰ 15 ਲੱਖ ਰੁਪਏ, ਮਹਿੰਗਾਈ ਘੱਟ ਕਰਨ ਸਮੇਤ ਕਈ ਵਾਅਦੇ ਕਰਕੇ ਅੱਜ ਤੋਂ ਪਹਿਲਾਂ ਦੋ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਹੁਣ ਜਦੋਂ ਉਨ੍ਹਾਂ ਦਾ ਕੋਈ ਵੀ ਦਾਅ ਨਹੀਂ ਚੱਲਿਆ ਤਾਂ ਧਰਮ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਚਾਰ ਜੂਨ ਨੂੰ ਆਉਣ ਵਾਲੇ ਨਤੀਜਿਆਂ ਵਿੱਚ ਭਾਰਤ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ।
ਉਨ੍ਰਾਂ ਕਿਹਾ ਕਿ ਜਿਵੇਂ ਬੀਤੇ ਕੱਲ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਗਠਬੰਧਨ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ ਤਾਂ ਅੰਮ੍ਰਿਤਸਰ ਲਈ ਵੱਡੇ ਪ੍ਰੋਜੈਕਟ ਅਤੇ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕਰਵਾਇਆ ਜਾਵੇਗਾ। ਉਹਨਾਂ ਇਸ ਮੌਕੇ ਅਕਾਲੀ ਦਲ ਬਾਰੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਦੇ ਨਾਲ ‘ਖਾਲੀ ਦਲ’ ਬਣ ਗਿਆ ਹੈ ਅਤੇ ਬੀਤੇ ਕੱਲ ਲੋਕਾਂ ਨੇ ਅਕਾਲੀ ਦਲ ਦਾ ਦੀਵਾਲੀਆਪਨ ਵੇਖ ਲਿਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ।
ਹੁਣ ਅਗਲਾ ਨੰਬਰ ਮਜੀਠੀਆ ਵੱਲੋਂ ਆਪਣੇ ਜੀਜੇ ਸੁਖਬੀਰ ਬਾਦਲ ਦਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਦੇ ਕੰਮਾਂ ਤੋਂ ਸੰਤੁਸ਼ਟ ਹੈ ਅਤੇ ਇੱਕ ਜੂਨ ਵਾਲੇ ਦਿਨ ਪੰਜਾਬ ਤੋਂ 13 ਦੇ 13 ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤਣ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਇਹ ਚੋਣਾਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਅਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜਰੂਰੀ ਹੈ। ਇਸ ਮੌਕੇ ਓਹਨਾਂ ਨਾਲ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ, ਅਰਵਿੰਦਰ ਭੱਟੀ, ਸਤਪਾਲ ਸੌਖੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।