ਲੋਕਾਂ ਦੇ ਇਕੱਠ ਨੂੰ ਦੇਖ ਕੇ ਪ੍ਰਨੀਤ ਕੌਰ ਨੇ ਇਹ ਮੇਰੇ ਅਤੇ ਪਟਿਆਲਾ ਦੇ ਲੋਕਾਂ ਵਿਚਕਾਰ ਰਿਸ਼ਤੇ ਦਾ ਨਵੀਨੀਕਰਨ ਹੈ।
ਅੱਜ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨਾਂ ਨਾਲ ਪੁੱਤਰ ਰਣਇੰਦਰ ਸਿੰਘ, ਬੇਟੀ ਜੈਇੰਦਰ ਕੌਰ ਅਤੇ ਭਾਜਪਾ ਆਗੂ ਅਨਿਲ ਸਰੀਨ ਮੌਜੂਦ ਰਹੇ। ਇਹ ਪਹਿਲੀ ਵਾਰ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਮਜ਼ਦਗੀ ਭਰਨ ਦੌਰਾਨ ਉਨ੍ਹਾਂ ਦੇ ਨਾਲ ਮੋਜੂਦ ਨਹੀਂ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪ੍ਰਨੀਤ ਕੌਰ ਨੇ ਸ਼ਹਿਰੀ ਇਲਾਕੇ ਵਿੱਚ ਰੋਡ ਸ਼ੋਅ ਕੀਤਾ। ਜਿਸ ਵਿਚ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਵੀ ਸ਼ਾਮਿਲ ਹੋਏ। ਪ੍ਰਨੀਤ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਨਾਂ ਕਿਹਾ ਕਿ, ਉਨਾਂ ਦੀ ਤਬੀਅਤ ਠੀਕ ਨਹੀਂ ਹੈ ਤੇ ਉਨਾਂ ਦੇ ਕੁਝ ਟੈਸਟ ਵੀ ਕਰਵਾਏ ਜਾ ਰਹੇ ਹਨ, ਇਸ ਲਈ ਅੱਜ ਉਹ ਇਥੇ ਨਹੀਂ ਆ ਸਕੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਆਪਣੀ ਬੇਟੀ ਅਤੇ ਪੋਤਰੇ ਨਾਲ ਕਿਲਾ ਮੁਬਾਰਕ ਵਿਖੇ ਬੁਰਜ ਬਾਬਾ ਆਲਾ ਸਿੰਘ ਵਿਖੇ ਮੱਥਾ ਟੇਕਿਆ ਅਤੇ ਆਪਣੀ ਜਿੱਤ ਲਈ ਅਰਦਾਸ ਕੀਤੀ। ਲੋਕਾਂ ਦੇ ਇਕੱਠ ਨੂੰ ਦੇਖ ਕੇ ਪ੍ਰਨੀਤ ਕੌਰ ਨੇ ਇਹ ਮੇਰੇ ਅਤੇ ਪਟਿਆਲਾ ਦੇ ਲੋਕਾਂ ਵਿਚਕਾਰ ਰਿਸ਼ਤੇ ਦਾ ਨਵੀਨੀਕਰਨ ਹੈ। ਲੋਕਾਂ ਦਾ ਅਟੁੱਟ ਭਰੋਸਾ ਅਤੇ ਆਸ਼ੀਰਵਾਦ ਮੇਰਾ ਸਭ ਤੋਂ ਵੱਡਾ ਖਜ਼ਾਨਾ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਅਗਲੇ 5 ਸਾਲਾਂ ਵਿੱਚ ਉਹ ਪਿਛਲੇ 20 ਸਾਲਾਂ ਨਾਲੋਂ ਵੱਧ ਕੰਮ ਕਰਨ। ਮੌਜੂਦਾ ’ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ’ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਅਫਸੋਸ ਪ੍ਰਗਟ ਕੀਤਾ। ਜਾਖੜ ਨੇ ਵਿਸ਼ਵਾਸ ਜਤਾਇਆ ਕਿ ਪਟਿਆਲਾ ਦੀਆਂ ਸਮੱਸਿਆਵਾਂ ਦਾ ਹੱਲ ਸਿਫਰ ਪ੍ਰਨੀਤ ਕੌਰ ਹੀ ਹੱਲ ਕਰ ਸਕਦੇ ਹਨ। ਇਸ ਮੌਕੇ ਸਨੌਰ ਹਲਕੇ ਤੋਂ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਵੱਡੀ ਗਿਣਤੀ ਸਮਰਥਕਾਂ ਸਮੇਤ ਤਵੱਕਲੀ ਮੋੜ ’ਤੇ ਭਰਵਾਂ ਸਵਾਗਤ ਕੀਤਾ।