ਬੈਂਗਲੁਰੂ ਦੀ ਇੱਕ 39 ਸਾਲਾ ਸਟਾਰਟਅਪ ਸੰਸਥਾਪਕ ਅਤੇ ਸੀਈਓ ਨੂੰ ਉਸਦੇ ਬੇਟੇ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਸੁਚਨਾ ਸੇਠ ਨੇ ਸੋਮਵਾਰ ਨੂੰ ਉੱਤਰੀ ਗੋਆ ਦੇ ਕੈਂਡੋਲਿਮ ਵਿੱਚ ਇੱਕ ਸਰਵਿਸ ਅਪਾਰਟਮੈਂਟ ਵਿੱਚ ਆਪਣੇ ਚਾਰ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੇ ਬੇਟੇ ਦੀ ਲਾਸ਼ ਨੂੰ ਬੈਗ ਵਿਚ ਰੱਖ ਕੇ ਕਿਰਾਏ ਦੀ ਟੈਕਸੀ ਵਿਚ ਕਰਨਾਟਕ ਭੱਜ ਗਈ।
ਹੈਰਾਨ ਕਰਨ ਵਾਲੇ ਅਪਰਾਧ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਾਊਸਕੀਪਿੰਗ ਸਟਾਫ ਦੇ ਇੱਕ ਮੈਂਬਰ ਨੂੰ ਅਪਾਰਟਮੈਂਟ ਦੀ ਸਫਾਈ ਕਰਦੇ ਸਮੇਂ ਖੂਨ ਦੇ ਦਾਗ ਮਿਲੇ। ਇਹ ਉਹੀ ਥਾਂ ਸੀ ਜਿੱਥੋਂ ਸੁਚਨਾ ਸੇਠ ਨੇ ਸੋਮਵਾਰ ਸਵੇਰੇ ਚੈੱਕ ਆਊਟ ਕੀਤਾ ਸੀ। ਪੁਲਿਸ ਨੂੰ ਅਜੇ ਤੱਕ ਕਤਲ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਗੋਆ ਪੁਲਿਸ ਦੁਆਰਾ ਇੱਕ ਅਲਰਟ ਦੇ ਅਧਾਰ ‘ਤੇ ਸੁਚਨਾ ਸੇਠ ਨੂੰ ਕਰਨਾਟਕ ਦੇ ਚਿਤਰਦੁਰਗਾ ਜ਼ਿਲੇ ਦੇ ਆਈਮੰਗਲਾ ਪੁਲਿਸ ਸਟੇਸ਼ਨ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਕਲੰਗੁਟ ਤੋਂ ਇੱਕ ਪੁਲਿਸ ਟੀਮ ਸੋਮਵਾਰ ਦੇਰ ਰਾਤ ਸੁਚਨਾ ਸੇਠ ਨੂੰ ਹਿਰਾਸਤ ਵਿੱਚ ਲੈਣ ਅਤੇ ਟਰਾਂਜ਼ਿਟ ਰਿਮਾਂਡ ‘ਤੇ ਗੋਆ ਲਿਆਉਣ ਲਈ ਕਰਨਾਟਕ ਪਹੁੰਚੀ ਸੀ। ਕੈਲੰਗੁਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪਰੇਸ਼ ਨਾਇਕ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਕੈਂਡੋਲੀਮ ਵਿੱਚ ਹੋਟਲ ਸੋਲ ਬਨਯਾਨ ਗ੍ਰਾਂਡੇ ਦੇ ਕਮਰੇ ਨੰਬਰ 404 ਵਿੱਚ ਚੈੱਕ ਇੰਨ ਕਰਦੇ ਹੋਏ ਸੁਚਨਾ ਸੇਠ ਨੇ ਬੈਂਗਲੁਰੂ ਦਾ ਇੱਕ ਪਤਾ ਦਿੱਤਾ। ਹੋਟਲ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਸੁਚਨਾ ਸੇਠ ਬੈਂਗਲੁਰੂ ਵਾਪਸ ਜਾਣ ਲਈ ਟੈਕਸੀ ਮੰਗ ਕਰ ਰਹੀ ਸੀ ਤਾਂ ਉਸ ਨੂੰ ਸਲਾਹ ਦਿੱਤੀ ਗਈ ਸੀ ਕਿ ਵਾਪਸੀ ਦੀ ਫਲਾਈਟ ਸਸਤੀ ਅਤੇ ਜ਼ਿਆਦਾ ਸੁਵਿਧਾਜਨਕ ਪਵੇਗੀ। ਪਰ ਉਹ ਨਹੀਂ ਮੰਨੀ ਫਿਰ ਹੋਟਲ ਵੱਲੋਂ ਸਥਾਨਕ ਟੈਕਸੀ ਦਾ ਪ੍ਰਬੰਧ ਕੀਤਾ ਗਿਆ। ਸੁਚਨਾ ਸੇਠ ਨੂੰ ਜਦੋਂ ਪੁਲਿਸ ਨੇ ਉਸ ਦੇ ਪੁੱਤਰ ਬਾਰੇ ਜਾਣਕਾਰੀ ਮੰਗੀ ਤਾਂ ਮਹਿਲਾ ਬਹਾਨੇ ਜਿਹੇ ਬਣਾਉਣ ਲੱਗ ਪਈ। ਇਸ ਮਹਿਲਾ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਨੂੰ ਇੱਕ ਦੋਸਤ ਦੇ ਘਰ ਛੱਡ ਦਿੱਤਾ ਸੀ। ਫਿਰ ਜਦੋਂ ਉਸ ਦੋਸਤ ਦਾ ਪਤਾ ਮੰਗਿਆ ਗਿਆ ਤਾਂ ਸੁਚਨਾ ਸੇਠ ਨੇ ਫਰਜ਼ੀ ਅਡਰੈਸ ਪੁਲਿਸ ਨੇ ਦੇ ਦਿੱਤਾ ਸੀ।
ਇਸ ਤੋਂ ਬਾਅਦ ਪੁਲਿਸ ਨੇ ਟੈਕਸੀ ਡਰਾਈਵਰ ਨੂੰ ਵਾਪਸ ਬੁਲਾਇਆ ਜਿਸ ਵਿੱਚ ਮਹਿਲਾ ਬੈਠ ਕੇ ਗਈ ਸੀ। ਫਿਰ ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਕਾਰ ਵਿੱਚ ਰੱਖੇ ਇੱਕ ਬੈਗ ‘ਚੋਂ ਬੱਚੇ ਦੀ ਲਾਸ਼ ਮਿਲੀ। ਫਿਲਹਾਲ ਕਤਲ ਕਰਨ ਦੇ ਕਾਰਨ ਕੀ ਹਨ ਇਸ ਬਾਰੇ ਹਾਲੇ ਖੁਲਾਸਾ ਨਹੀਂ ਹੋ ਸਕਿਆ।