ਇਸ ਕਾਰਵਾਈ ਦੌਰਾਨ ਮੁਲਜਮਾਂ ਕੋਲੋਂ ਚੋਰੀ ਦੇ 68 ਆਈਫੋਨ ਬਰਾਮਦ ਕੀਤੇ ਗਏ ਹਨ।
ਬਠਿੰਡਾ ਪੁਲਿਸ ਤੇ ਸੀਆਈ ਸਟਾਫ 1 ਨੇ ਚੋਰੀ ਕੀਤੇ ਹੋਏ ਮਹਿੰਗੇ ਮੋਬਾਈਲ ਫੋਨ ਵੇਚਣ ਵਾਲੇ ਦੁਕਾਨਦਾਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਮੁਲਜਮਾਂ ਕੋਲੋਂ ਚੋਰੀ ਦੇ 68 ਆਈਫੋਨ ਬਰਾਮਦ ਕੀਤੇ ਗਏ ਹਨ। ਕਥਿਤ ਦੋਸ਼ੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਉਕਤ ਮੋਬਾਇਲ ਫੋਨ ਕਿੱਥੋਂ ਚੋਰੀ ਕੀਤੇ ਗਏ ਹਨ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ.(ਡੀ) ਰਾਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਸੀਆਈਏ ਸਟਾਫ਼ 1 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਮਨਦੀਪ ਸਿੰਘ ਉਰਫ਼ ਭੰਗੂ ਵਾਸੀ ਗਲੀ ਨੰ: 4, ਗੁਰੂ ਕੀ ਨਗਰੀ ਜੋ ਕਿ ਹਾਥੀਵਾਲਾ ਮੰਦਰ ਵਾਲੀ ਗਲੀ ਵਿਖੇ ਡੇਵਿਸ ਫਿਕਸਰ ਦੇ ਨਾਮ ’ਤੇ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਚਲਾਉਂਦਾ ਹੈ, ਉਕਤ ਵਿਅਕਤੀ ਚੋਰਾਂ ਅਤੇ ਝਪਟਮਾਰਾਂ ਕੋਲੋਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਖਰੀਦ ਕੇ ਅੱਗੇ ਵੇਚਦਾ ਹੈ। ਇਸ ਤੋਂ ਇਲਾਵਾ ਚੋਰੀ ਕੀਤੇ ਹੋਏ ਮਹਿੰਗੇ ਮੋਬਾਈਲ ਫੋਨ ਵਿੱਚੋਂ ਪੁਰਜੇ ਕੱਢ ਕੇ ਪੁਰਾਣੇ ਮੋਬਾਈਲ ਫੋਨਾਂ ਵਿਚ ਪਾ ਕੇ ਸਸਤੇ ਮੁੱਲ ’ਤੇ ਵੇਚ ਦਿੰਦਾ ਹੈ। ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਹੋਇਆ ਸੀਆਈਏ ਸਟਾਫ ਦੀ ਟੀਮ ਵੱਲੋਂ ਕਥਿਤ ਦੋਸ਼ੀ ਦੀ ਦੁਕਾਨ ’ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਮੁਲਜਮ ਕੋਲੋਂ ਚੋਰੀ ਦੇ 8 ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ। ਡੀਐਸਪੀ ਨੇ ਦੱਸਿਆ ਹੈ ਕਿ ਮੁਲਜਮ ਕੋਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਉਸ ਦੀ ਦੁਕਾਨ ਵਿਚੋਂ 60 ਆਈਫੋਨ ਹੋਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜਮ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ’ਤੇ ਸਾਹਿਲ ਉਰਫ ਬਿੱਲਾ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ।