Saturday, October 19, 2024
Google search engine
Homelatest News5 ਦਸੰਬਰ ਤੋਂ ਭੁੱਖ ਹੜਤਾਲ 'ਤੇ ਜਾ ਰਹੇ ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ...

5 ਦਸੰਬਰ ਤੋਂ ਭੁੱਖ ਹੜਤਾਲ ‘ਤੇ ਜਾ ਰਹੇ ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖੀ ਚਿੱਠੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਇਕ ਪੱਤਰ ਲਿਖ ਕੇ 5 ਦਸੰਬਰ 2023 ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਾਜੋਆਣਾ ਨੂੰ ਇਹ ਪੱਤਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਅਤੇ ਪੰਥਕ ਨੁਮਾਇੰਦਿਆਂ ਦੀ ਇਕੱਤਰਤਾ ’ਚ ਪ੍ਰਾਪਤ ਹੋਏ ਸੁਝਾਵਾਂ ਦੀ ਰੌਸ਼ਨੀ ਵਿਚ ਲਿਖਿਆ ਹੈ। ਇਸ ਪੱਤਰ ਵਿਚ ਰਾਜੋਆਣਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭੁੱਖ ਹੜਤਾਲ ’ਤੇ ਜਾਣ ਵਾਲਾ ਆਪਣਾ ਫ਼ੈਸਲਾ ਵਾਪਸ ਲੈਣ, ਕਿਉਂਕਿ ਇਹ ਗੁਰਮਤਿ ਫ਼ਲਸਫ਼ੇ ਅਨੁਸਾਰ ਠੀਕ ਨਹੀਂ ਹੈ।

ਪੱਤਰ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜੋਆਣਾ ਨੂੰ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਤੋਂ ਜਾਣੂ ਕਰਵਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਸਬੰਧੀ ਰਾਸ਼ਟਰਪਤੀ ਕੋਲ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਅਨੁਸਾਰ ਸੀ, ਜਿਸ ਨੂੰ ਵਾਪਸ ਲੈਣਾ ਉਚਿਤ ਨਹੀਂ ਹੈ। ਐਡਵੋਕੇਟ ਧਾਮੀ ਨੇ ਰਾਜੋਆਣਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਕੌਮੀ ਪ੍ਰਵਾਨੇ ਹੋ ਅਤੇ ਕੌਮ ਦੇ ਸੰਕਟਮਈ ਸਮੇਂ ਦੌਰਾਨ ਤੁਹਾਡੇ ਵੱਲੋਂ ਦ੍ਰਿੜ੍ਹਤਾ ਅਤੇ ਸੂਰਬੀਰਤਾ ਨਾਲ ਕੀਤੀ ਕੁਰਬਾਨੀ ਨੂੰ ਕੌਮ ਕਦੇ ਨਹੀਂ ਭੁੱਲ ਸਕਦੀ। ਉਨ੍ਹਾਂ ਕਿਹਾ ਕਿ ਕਾਲੇ ਦੌਰ ਅੰਦਰ ਪੰਜਾਬ ਅਤੇ ਖ਼ਾਸਕਰ ਸਿੱਖਾਂ ਵਿਰੁੱਧ ਹੋ ਰਹੇ ਅੱਤਿਆਚਾਰ ਅਤੇ ਉਨ੍ਹਾਂ ਦੇ ਕੌਮੀ ਅਧਿਕਾਰਾਂ ਨੂੰ ਦਬਾਉਣ ਵਾਲੀ ਕਾਰਵਾਈਆਂ ਦਾ ਤੁਹਾਡੇ ਵੱਲੋਂ ਮੂੰਹਤੋੜ ਜਵਾਬ ਦੇਣ ਨਾਲ ਸਿੱਖ ਕੌਮ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ। ਤੁਹਾਡਾ ਪੂਰੀ ਸਿੱਖ ਕੌਮ ਅੰਦਰ ਵੱਡਾ ਆਦਰ ਹੈ ਅਤੇ ਤੁਹਾਡੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਅਤੇ ਸਮੁੱਚੀ ਕੌਮ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਐਡਵੋਕੇਟ ਧਾਮੀ ਨੇ ਪੱਤਰ ਵਿਚ  ਰਾਜੋਆਣਾ ਨੂੰ ਲਿਖਿਆ ਕਿ ਉਨ੍ਹਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ 20 ਦਸੰਬਰ 2023 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਇਕ ਭਰਵਾਂ ਪੰਥਕ ਪ੍ਰਦਰਸ਼ਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ਵਿਚ ਸਮੂਹ ਤਖ਼ਤ ਸਾਹਿਬਾਨ ਦੇ ਨੁਮਾਇੰਦੇ, ਸਿੰਘ ਸਾਹਿਬਾਨ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਕਾਰਸੇਵਾ ਵਾਲੇ ਮਹਾਂਪੁਰਖ, ਸਮੂਹ ਕਿਸਾਨ ਜਥੇਬੰਦੀਆਂ, ਨਿਰਮਲੇ ਤੇ ਉਦਾਸੀਨ ਸੰਪ੍ਰਦਾਵਾਂ, ਪੰਥਕ ਤੇ ਰਾਜਸੀ ਸਿੱਖ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾ ਰਹੀ ਹੈ। ਉਨ੍ਹਾਂ ਰਾਜੋਆਣਾ ਨੂੰ ਅਪੀਲ ਕੀਤੀ ਕਿ ਉਹ ਕੌਮੀ ਭਾਵਨਾਵਾਂ ਨੂੰ ਵੇਖਦਿਆਂ ਭੁੱਖ ਹੜਤਾਲ ਵਰਗੀ ਕੋਈ ਵੀ ਕਾਰਵਾਈ ਨਾ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments