ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਦੋ ਵਾਹਨਾਂ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਘੱਟੋ-ਘੱਟ 14 ਜਵਾਨਾਂ ਦੀ ਮੌਤ ਹੋ ਗਈ। ਬਲੋਚਿਸਤਾਨ ‘ਚ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਨੂੰ ਇਸ ਸਾਲ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ‘ਚ ਪਾਕਿਸਤਾਨੀ ਫੌਜ ਦੇ ਸਭ ਤੋਂ ਜ਼ਿਆਦਾ ਜਵਾਨ ਮਾਰੇ ਗਏ ਹਨ।
ਪਾਕਿਸਤਾਨੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਜਵਾਨਾਂ ਦੀਆਂ ਦੋ ਗੱਡੀਆਂ ਗਵਾਦਰ ਜ਼ਿਲ੍ਹੇ ਦੇ ਪਸਨੀ ਤੋਂ ਓਰਮਾਰਾ ਇਲਾਕੇ ਵੱਲ ਜਾ ਰਹੀਆਂ ਸਨ। ਬਿਆਨ ਅਨੁਸਾਰ ਇਲਾਕੇ ਵਿੱਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਫੌਜ ਦੇ ਮੀਡੀਆ ਵਿੰਗ ਨੇ ਹਾਲਾਂਕਿ ਹਮਲੇ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਸੂਬੇ ‘ਚ ਪੁਲਸ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਇਆ ਅਤੇ ਧਮਾਕਾ ਕੀਤਾ, ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਡਾਨ ਅਖਬਾਰ ਨੇ ਪੁਲਸ ਅਧਿਕਾਰੀ ਮੁਹੰਮਦ ਅਦਾਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਡੇਰਾ ਇਸਮਾਈਲ ਖਾਨ ਸ਼ਹਿਰ ‘ਚ ਵਾਪਰੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਰੇ ਗਏ ਲੋਕਾਂ ਵਿਚ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ ਜਾਂ ਨਹੀਂ। ਅਫਗਾਨਿਸਤਾਨ ਦੇ ਨਾਲ ਲੱਗਦੇ ਡੇਰਾ ਇਸਮਾਈਲ ਖਾਨ ਲੰਬੇ ਸਮੇਂ ਤੋਂ ਅੱਤਵਾਦੀਆਂ ਦਾ ਗੜ੍ਹ ਰਿਹਾ ਹੈ।