ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਦਿੱਲੀ ਤੇ ਪੰਜਾਬ ’ਚ ਬਿਜਲੀ ਮੁਫ਼ਤ ਕੀਤੀ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਜਲੰਧਰ ’ਚ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਦੌਰਾਨ ਰੋਡ ਸ਼ੋ ਕੀਤਾ ਤੇ ਲੋਕਾਂ ਨੂੰ ਪਵਨ ਟੀਨੂੰ ਦਾ ਸਾਥ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਕਿਸੇ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਤੁਹਾਡੇ ਮੁੱਦੇ ਸੰਸਦ ’ਚ ਉਠਾਏ। ਆਪ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਸਾਥ ਦਿਓ, ਉਹ ਤੁਹਾਡੇ ਵਿਚਕਾਰ ਹੀ ਰਹਿਣਗੇ ਤੇ ਤੁਸੀਂ ਉਨ੍ਹਾਂ ਤੋਂ ਰਾਤ ਦੇ 2 ਵਜੇ ਵੀ ਕੰਮ ਕਰਵਾ ਸਕਦੇ ਹੋ। ਉਹ ਤੁਹਾਡੇ ਮੁੱਦੇ ਸੰਸਦ ’ਚ ਉਠਾਉਣਗੇ ਤੇ ਤੁਹਾਡੇ ਹੱਕਾਂ ਲਈ ਲੜਨਗੇ।
ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਦਿੱਲੀ ਤੇ ਪੰਜਾਬ ’ਚ ਬਿਜਲੀ ਮੁਫ਼ਤ ਕੀਤੀ। ਭਾਜਪਾ ਸ਼ਾਸਤ ਸੂਬਿਆਂ ’ਚ ਬਿਜਲੀ ਸਭ ਤੋਂ ਮਹਿੰਗੀ ਹੈ। ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ। ਤੁਸੀਂ ਹੀ ਦੱਸੋ ਕਿ ਮੁਫ਼ਤ ਬਿਜਲੀ ਦੇਣ ਵਾਲਾ ਭ੍ਰਿਸ਼ਟ ਹੈ ਜਾਂ ਮਹਿੰਗੀ ਬਿਜਲੀ ਦੇਣ ਵਾਲਾ? ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਪੀਐੱਮ ਮੋਦੀ ਨੇ ਮੈਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕੇਜਰੀਵਾਲ ਨੇ ਦੇਸ਼ ਭਰ ’ਚ ਪ੍ਰਚਾਰ ਕੀਤਾ ਤਾਂ ਭਾਜਪਾ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ’ਚ ਤਾਨਾਸ਼ਾਹੀ ਫੈਲਾਈ ਹੋਈ ਹੈ। ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਤਬਾਹ ਕਰ ਦੇਣਗੇ। ਇਸ ਲਈ ਇਸ ਵਾਰ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਅਮਿਤ ਸ਼ਾਹ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਨੂੰ ’ਆਪ’ ਸਰਕਾਰ ਨੂੰ ਬਰਖ਼ਾਸਤ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦਿੱਤਾ ਜਾਵੇਗਾ। ਇਹ ਤਾਨਾਸ਼ਾਹ ਲੋਕ ਲੋਕਤੰਤਰ ਦਾ ਕਤਲ ਕਰਨਾ ਚਾਹੁੰਦੇ ਹਨ। ਪੰਜਾਬ ਦੇ ਲੋਕ ਤਾਨਾਸ਼ਾਹਾਂ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਲਈ ਅਮਿਤ ਸ਼ਾਹ ਨੂੰ ਆਪਣੀ ਵੋਟ ਨਾਲ ਜਵਾਬ ਦਿਓ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਵਿਧਾਨ ਸਭਾ ਚੋਣਾਂ ’ਚ 92 ਸੀਟਾਂ ਜਿੱਤ ਕੇ ਸਾਡੀ ਸਰਕਾਰ ਬਣਾਈ ਸੀ। ਹੁਣ ਸਾਨੂੰ 13 ਸੰਸਦ ਮੈਂਬਰ ਦੇ ਕੇ ਕੇਂਦਰ ’ਚ ਮਜ਼ਬੂਤ ਕਰੋ। ਫਿਰ ਕੇਂਦਰ ਸਰਕਾਰ ਨਾਲ ਸਬੰਧਤ ਸਾਰੇ ਮਸਲੇ ਹੱਲ ਕਰਵਾ ਕੇ ਪੰਜਾਬ ਦੇ ਸਾਰੇ ਬਕਾਇਆ ਫੰਡ ਜਾਰੀ ਕਰਵਾਵਾਂਗੇ। ਸਾਡੇ ਸੰਸਦ ਮੈਂਬਰ ਪਾਰਲੀਮੈਂਟ ’ਚ ਪੰਜਾਬ ਦੀ ਆਵਾਜ਼ ਬਣਨਗੇ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਬਰਬਾਦ ਕਰਨਾ ਹੈ। ਕਿਸੇ ਹੋਰ ਪਾਰਟੀ ਨੂੰ ਵੋਟ ਦੇਣ ਨਾਲ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚ ਸਾਡੀ ਸਰਕਾਰ ਹੈ। ਅਸੀਂ ਕੇਂਦਰ ’ਚ ਵੀ ਮਜ਼ਬੂਤ ਹੋਵਾਂਗੇ ਤਾਂ ਪੰਜਾਬ ਦਾ ਵਿਕਾਸ ਦੁੱਗਣੀ ਰਫ਼ਤਾਰ ਨਾਲ ਹੋਵੇਗਾ।