ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ‘ਚ ਸ਼ੁਰੂਆਤੀ ਜਾਂਚ ਤੋਂ ਬਾਅਦ ਚੌਕਸੀ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੱਢਲੀ ਰਿਪੋਰਟ ਸੌਂਪੀ ਸੀ। ਜਿਸਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਚੌਕਸੀ ਮੰਤਰੀ ਦੀ ਰਿਪੋਰਟ ਨੂੰ ਐੱਲ.ਜੀ. ਕੋਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸੀ.ਐੱਮ. ਨੇ ਮੁੱਖ ਸਕੱਤਰ ਨੂੰ ਤੁਰੰਤ ਅਹੁੱਦੇ ਤੋਂ ਹਟਾਉਣ ਅਤੇ ਸਸਪੈਂਡ ਕਰਨ ਦੀ ਸ਼ਿਫਾਰਿਸ਼ ਕੀਤੀ ਹੈ। ਉਥੇ ਹੀ ਸੀ.ਐੱਮ. ਨੇ ਆਤਿਸ਼ੀ ਨੂੰ ਇਹ ਰਿਪੋਰਟ ਸੀ.ਬੀ.ਆਈ. ਅਤੇ ਈ.ਡੀ. ਨੂੰ ਭੇਜਣ ਦੇ ਆਦੇਸ਼ ਦਿੱਤੇ ਹਨ।
ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਖਿਲਾਫ ਸ਼ਿਕਾਇਤ ਦੇ ਸੰਬੰਧ ‘ਚ 650 ਪੇਜ ਦੀ ਮੁੱਢਲੀ ਰਿਪੋਰਟ ਤਿਆਰ ਕੀਤੀ ਗਈ ਹੈ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਕਿ ਮੁੱਖ ਸਕੱਤਰ ਦੇ ਪੁੱਤਰ ਨੂੰ ਇਕ ਅਜਿਹੇ ਵਿਅਕਤੀ ਦੇ ਰਿਸ਼ਦੇਤਾਰ ਨੇ ਨੌਕਰੀ ‘ਤੇ ਰੱਖਿਆਸੀ, ਜਿਸਨੂੰ ਇਕ ਸੜਕ ਪ੍ਰਾਜੈਕਟ ਲਈ ਐਕਵਾਇਰ ਜ਼ਮੀਨ ਲਈ ਵਧਿਆ ਹੋਇਆ ਮੁਆਵਜ਼ਾ ਦਿੱਤਾ ਗਿਆ ਸੀ।
ਰਿਪੋਰਟ ਮੁਤਾਬਕ, ਦਿੱਲੀ ਮੰਤਰੀ ਨੇ 650 ਪੰਨਿਆਂ ਦੀ ਰਿਪੋਰਟ ਕੇਜਰੀਵਾਲ ਨੂੰ ਸੌਂਪੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਮਾਮਲੇ ‘ਚ 850 ਕਰੋੜ ਰੁਪਏ ਦਾ ਨਾਜਾਇਜ਼ ਫਾਇਦਾ ਪਹੁੰਚਾਇਆ ਗਿਆ ਹੈ। ਇਹ ਜ਼ਮੀਨ 2015 ‘ਚ ਦੁਆਰਕਾ ਐਕਸਪ੍ਰੈਸਵੇ ਦੇ ਨੇੜੇ ਸਿਰਫ 75 ਲੱਖ ਰੁਪਏ ‘ਚ ਖਰੀਦੀ ਗਈ ਸੀ।