ਭਾਰਤ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਭਾਰਤ ਵਿੱਚ ਮੰਕੀਪੌਕਸ ਦੇ ਤੀਜੇ ਮਰੀਜ਼ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮਰੀਜ਼ ਕੇਰਲ ਦਾ ਨਿਵਾਸੀ ਹੈ ਜੋ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ। ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਉਹ ਮੰਕੀਪੌਕਸ ਦੇ ਗ੍ਰੇਡ ਵਨ ਬੀ ਵਾਇਰਸ ਨਾਲ ਸੰਕਰਮਿਤ ਹੈ।
ਹਾਲ ਹੀ ‘ਚ ਕੇਰਲ ਦੇ ਮਲੱਪਪੁਰਮ ‘ਚ ਮੰਕੀਪੌਕਸ ਦਾ ਦੂਜਾ ਮਰੀਜ਼ ਮਿਲਿਆ ਸੀ। ਇਹ ਵਿਅਕਤੀ ਯੂਏਈ ਤੋਂ ਭਾਰਤ ਪਰਤਿਆ ਸੀ। ਸ਼ੁਰੂਆਤੀ ਲੱਛਣ ਸਾਹਮਣੇ ਆਉਣ ਤੋਂ ਬਾਅਦ ਜਦੋਂ ਮਰੀਜ਼ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਉਹ ਮੰਕੀਪੌਕਸ ਨਾਲ ਸੰਕਰਮਿਤ ਸੀ। ਉਦੋਂ ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦੀ ਵਿਦੇਸ਼ ਯਾਤਰਾ ਦੀ ਹਿਸਟ੍ਰੀ ਹੈ, ਜੇਕਰ ਉਨ੍ਹਾਂ ਨੂੰ ਇਸ ਵਾਇਰਸ ਦੇ ਲੱਛਣ ਨਜ਼ਰ ਆਉਣ ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰਨ।
ਦੋ ਮਰੀਜ਼ਾਂ ਦੀ ਹੋ ਚੁੱਕੀ ਹੈ ਪੁਸ਼ਟੀ
ਇਸ ਤੋਂ ਪਹਿਲਾਂ ਦਿੱਲੀ ਵਿੱਚ ਮੰਕੀਪੌਕਸ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ, ਜੋ ਵਿਦੇਸ਼ ਯਾਤਰਾ ਕਰਕੇ ਭਾਰਤ ਪਰਤਿਆ ਸੀ। ਸ਼ੁਰੂਆਤੀ ਲੱਛਣ ਸਾਹਮਣੇ ਆਉਣ ਤੋਂ ਬਾਅਦ, ਮਰੀਜ਼ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਸੀ। ਆਈਸੋਲੇਸ਼ਨ ਸਮੇਂ ਮਰੀਜ਼ ਦੀ ਹਾਲਤ ਸਥਿਰ ਸੀ। ਡਾਕਟਰ ਮਰੀਜ਼ ਨੂੰ ਆਈਸੋਲੇਟ ਕਰਕੇ ਉਸ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਸਨ।
ਅਫਰੀਕਾ ਵਿੱਚ ਮੰਕੀਪੌਕਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਕੁਝ ਹਫ਼ਤੇ ਪਹਿਲਾਂ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ। WHO ਨੇ ਕਿਹਾ ਸੀ ਕਿ ਦੋ ਸਾਲ ਪਹਿਲਾਂ ਵੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੰਕੀਪੌਕਸ ਵਾਇਰਸ ਫੈਲ ਚੁੱਕਾ ਸੀ। ਉਸ ਸਮੇਂ, ਦੁਨੀਆ ਭਰ ਵਿੱਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।