ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਪ੍ਰਤਾਪ ਸਿੰਘ ਨੇ ਦੱਸਿਆ
ਲੁਧਿਆਣਾ ਪੁਲਿਸ ਨੇ ਜਾਅਲੀ ਰਜਿਸਟਰੀਆਂ ਕੱਢਵਾਉਣ ਦੇ ਫਰਜ਼ੀਵਾੜੇ ਦਾ ਖੁਲਾਸਾ ਕਰਦਿਆਂ 11 ਵਿਅਕਤੀਆਂ ਦੇ ਖਿਲਾਫ਼ ਮੁੱਕਦਮਾ ਦਰਜ ਕੀਤਾ l ਥਾਣਾ ਸਦਰ ਦੀ ਪੁਲਿਸ ਨੇ ਸੰਗੀਨ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਵਾਸੀ ਗੁਰਜੀਤ ਖੁਸ਼ਹਾਲ ਰਾਏ, ਗੁਰੂ ਗੋਬਿੰਦ ਸਿੰਘ ਨਗਰ ਨੇੜੇ ਲਾਲ ਕੋਠੀ ਦੀ ਵਾਸੀ ਸਪਨਾ ਢੀਂਗਰਾ, ਨੀਰਜ ਕਲੋਨੀ ਦੇ ਵਾਸੀ ਗੁਰਸੇਵਕ ਸਿੰਘ, ਮਾਨ ਕਲੋਨੀ ਦੀ ਰਹਿਣ ਵਾਲੀ ਸੰਤੋਸ਼ ਕੌਰ, ਮਨਪ੍ਰੀਤ ਸਿੰਘ ਉਰਫ ਸੋਨੂੰ, ਮਹਿੰਦਰ ਸਿੰਘ ਭੰਗੂ, ਵਰਿੰਦਰ ਸਿੰਘ ਸੁਪਰੀਆ, ਪ੍ਰਭਜੀਤ ਸਿੰਘ ਚਾਵਲਾ, ਅਜੇ ਢੀਂਗਰਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮਨਸਾ ਰਾਮ ਵਜੋਂ ਹੋਈ ਹੈ l ਪੁਲਿਸ ਨੇ ਇਸ ਮੁੱਕਦਮੇ ਵਿੱਚ ਇੱਕ ਅਣਪਛਾਤੇ ਮੁਲਜ਼ਮ ਨੂੰ ਵੀ ਰੱਖਿਆ ਹੈl
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਪਿੰਡ ਗਿੱਲ ਮੌਜੂਦ ਸੀl ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਸਾਰੇ ਮੁਲਜ਼ਮ ਹਮ ਮਸ਼ਵਰਾ ਹੋ ਕੇ ਸਭ ਰਜਿਸਟਰਾਰ ਦਫ਼ਤਰ ਕੇਂਦਰੀ ਗਿੱਲ ਰੋਡ ਵਿਖੇ ਜਾਅਲੀ ਮਾਲਕ ਅਤੇ ਜਾਅਲੀ ਗਵਾਹ ਖੜ੍ਹੇ ਕਰ ਕੇ ਗ਼ਲਤ ਤਰੀਕੇ ਨਾਲ ਰਜਿਸਟਰੀਆਂ ਕੱਢਵਾ ਕੇ ਪ੍ਰਾਪਰਟੀਆਂ ਦੇ ਮਾਲਕਾਂ ਨਾਲ ਜਾਅਲਸਾਜ਼ੀ ਕਰਦੇ ਹਨ l ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਜਾਅਲੀ ਰਜਿਸਟਰੀਆਂ ਨੂੰ ਬੈਂਕ ਵਿੱਚ ਰੱਖ ਕੇ ਮੋਟਾ ਲੋਨ ਹਾਸਲ ਕਰਨ ਤੋਂ ਬਾਅਦ ਬੈਂਕ ਦੀਆਂ ਕਿਸ਼ਤਾਂ ਨਹੀਂ ਮੋੜਦੇ l
ਇਸ ਮਾਮਲੇ ਦੀ ਪੁਖਤਾ ਜਾਣਕਾਰੀ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ l ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।