ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਕੁਆਲਾਲੰਪੁਰ ਲਈ 15 ਜਨਵਰੀ ਤੋਂ ਦੋ ਨਵੀਆਂ ਫਲਾਈਟਾਂ ਉਡਾਣ ਭਰਨਗੀਆਂ। ਮਲੇਸ਼ੀਆ ਏਅਰਲਾਈਨਸ ਨੇ ਇਨ੍ਹਾਂ ਫਲਾਈਟਸ ਦਾ ਐਲਾਨ ਕੀਤਾ ਹੈ। ਏਅਰਲਾਈਨ ਦੀ ਵੈੱਬਸਾਈਟ ‘ਤੇ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਫਲਾਈਟ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ (ਭਾਰਤ) ਯੋਗੇਸ਼ ਕਾਮਰਾ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਫਲਾਈਟਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਦੇ ਉਨ੍ਹਾਂ ਲੋਕਾਂ ਦਾ ਹੋਵੇਗਾ, ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਦੱਖਣ ਪੂਰਬੀ ਏਸ਼ੀਆ ਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਲੋਕ ਉਕਤ ਦੇਸ਼ਾਂ ਵਿਚ ਜਾਂਦੇ ਹਨ। ਉਡਾਣ ਹਾਸਲ ਕਰਨ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਹੈ। ਮਲੇਸ਼ੀਆ ਏਅਰਲਾਈਨਸ ਨੇ ਇਹ ਦੇਖਦੇ ਹੋਏ ਹੀ ਕੁਆਲਾਲੰਪੁਰ ਦੇ ਲਈ ਨਵੀਂ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਵਿਚਕਾਰ ਤੋਂ ਸ਼ੁਰੂ ਹੋਣ ਵਾਲੀ ਮਲੇਸ਼ੀਆ ਏਅਰਲਾਈਨਸ ਦੀਆਂ ਇਹ ਫਲਾਈਟਾਂ ਮੰਗਲਵਾਰ ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣ ਭਰਨਗੀਆਂ। ਦੋਵੇਂ ਦਿਨ ਸਵੇਰੇ 3.20 ਵਜੇ ਐੱਸਜੀਆਰਡੀ ਏਅਰਪੋਰਟ ਤੋਂ ਉਡਾਣ ਭਰਨ ਦੇ ਬਾਅਦ 11.45 ਵਜੇ ਕੁਆਲਾਲੰਪੁਰ ਏਅਰਪੋਰਟ ‘ਤੇ ਲੈਂਡ ਕਰਨਗੀਆਂ। ਇਸ ਤੋਂ ਪਹਿਲਾਂ ਸੋਮਵਾਰ ਤੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਏਅਰਪੋਰਟ ਤੋਂ ਰਾਤ 11 ਵਜੇ ਉਡਾਣ ਭਰਨ ਦੇ ਬਾਅਦ ਅਗਲੇ ਦਿਨ ਮੰਗਲਵਾਰ ਤੇ ਸ਼ਨੀਵਾਰ ਦੀ ਸਵੇਰ ਤੜਕੇ 2.20 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਨਗੀਆਂ।