ਇਸ ਦਿਨ ਤੋਂ ਬਦਲੇਗਾ ਮੌਸਮ; ਜਾਣੋ ਮੌਸਮ ਦਾ ਤਾਜ਼ਾ ਹਾਲ
ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਭਿਆਨਕ ਗਰਮੀ ਪੈ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਜਿੱਥੇ ਲੁਧਿਆਣਾ ਸੂਬੇ ’ਚ ਸਭ ਤੋਂ ਗਰਮ ਚੱਲ ਰਿਹਾ ਸੀ, ਉੱਥੇ ਬੁੱਧਵਾਰ ਨੂੰ ਅੰਮ੍ਰਿਤਸਰ, ਫ਼ਰੀਦਕੋਟ, ਪਠਾਨਕੋਟ ਤੇ ਫ਼ਿਰੋਜ਼ਪੁਰ ਸਭ ਤੋਂ ਗਰਮ ਰਹੇ। ਇਨ੍ਹਾਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣੇ ’ਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਘੱਟ ਹੋ ਕੇ 39.8 ਡਿਗਰੀ ’ਤੇ ਆ ਗਿਆ।ਮੌਸਮ ਵਿਭਾਗ ਮੁਤਾਬਕ, ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ, ਫ਼ਰੀਦਕੋਟ ’ਚ 42.3, ਫ਼ਿਰੋਜ਼ਪੁਰ ’ਚ 42.3, ਪਠਾਨਕੋਟ ’ਚ 42.2, ਬਰਨਾਲਾ ’ਚ 41.4, ਗੁਰਦਾਸਪੁਰ ’ਚ 41.1, ਜਲੰਧਰ ’ਚ 40.8, ਲੁਧਿਆਣੇ ’ਚ 39.8, ਰੂਪਨਗਰ ’ਚ 39 ਤੇ ਚੰਡੀਗੜ੍ਹ ’ਚ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਤੇ ਮੋਹਾਲੀ ’ਚ ਘੱਟੋ-ਘੱਟ ਤਾਪਮਾਨ ਪੰਜਾਬ ’ਚ ਸਭ ਤੋਂ ਵੱਧ 27 ਡਿਗਰੀ ਸੈਲਸੀਅਸ ਰਿਹਾ ਜਦਕਿ ਲੁਧਿਆਣਾ ਤੇ ਪਟਿਆਲਾ ’ਚ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਧਰ, ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਵੀਰਵਾਰ ਨੂੰ ਵੀ ਪੰਜਾਬ ’ਚ ਮੌਸਮ ਗਰਮ ਰਹੇਗਾ। 10 ਮਈ ਨੂੰ ਦੁਪਹਿਰ ਬਾਅਦ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਮੌਸਮ ਬਦਲੇਗਾ ਅਤੇ 11 ਤੇ 12 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।