ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਨੂੰ ਫੁੱਲਸਟਾਪ ਲਾਉਂਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਡਾ. ਬਲਬੀਰ ਸਿੰਘ ਦੇ ਰੂਪ ਵਿਚ ਤੁਰਪ ਦਾ ਯੱਕਾ ਸੁੱਟਿਆ ਹੈ।
ਲੋਕ ਸਭਾ ਚੋਣਾਂ ਦਾ ਸਿਆਸੀ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਰਾਜਨੀਤਕ ਦਲਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਗੂ ਚੋਣ ਦੰਗਲ ’ਚ ਇਕ-ਦੂਜੇ ਨੂੰ ਪਛਾੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਪੰਜਾਬ ਦੀ ਸਿਆਸਤ ਵਿਚ ਪਟਿਆਲਾ ਹਮੇਸ਼ਾ ਹੀ ਮਹਤੱਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ ਪਰ ਇਸ ਵਾਰ ਸ਼ਾਹੀ ਪਰਿਵਾਰ ਦੇ ਭਾਜਪਾ ਵੱਲ ਹੋ ਜਾਣ ਕਾਰਨ ਅਤੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਕਰੀਬੀ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਵਿਚ ਉਤਾਰਨ ਕਾਰਨ ਇਹ ਸੀਟ ਰਾਸ਼ਟਰੀ ਪੱਧਰ ਤੇ ‘ਹੌਟ ਸੀਟ’ ਬਣ ਗਈ ਹੈ। ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਕੈਬਨਿਟ ਦੇ ਸੀਨੀਅਰ ਮੰਤਰੀ ਡਾ. ਬਲਬੀਰ ਸਿੰਘ ਨੂੰ ਉਤਾਰ ਕੇ ਮੁਕਾਬਲਾ ਹੋਰ ਫਸਵਾਂ ਬਣਾ ਦਿੱਤਾ ਹੈ। ਅਕਾਲੀ ਦਲ ਨੇ ਪੁਆਧ ਵਿਚ ਪਕੜ ਰੱਖਣ ਵਾਲਾ ਹਿੰਦੂ ਚਿਹਰਾ ਐੱਨਕੇ ਸ਼ਰਮਾ ਰਾਹੀਂ ਸਿਆਸਤ ਦੀ ਸ਼ਤਰੰਜ ਤੇ ਘੋੜੇ ਵਾਲੀ ਚਾਲ ਚੱਲੀ ਹੈ। ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਦੀ ਮੌਜੂਦਗੀ ਨੇ ਮੁਕਾਬਲੇ ਵਿਚ ਇਕ-ਇਕ ਵੋਟ ਦੀ ਅਹਿਮੀਅਤ ਵਧਾ ਦਿੱਤੀ ਹੈ।ਕਾਂਗਰਸ ਵੱਲੋਂ ਚਾਰ ਲੋਕ ਸਭਾ ਮੈੰਬਰ ਬਣ ਚੁੱਕੇ ਸਾਬਕਾ ਵਿਦੇਸ਼ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਜਨਤਾ ਦੀ ਕਚਹਿਰੀ ਵਿਚ ਪੇਸ਼ ਹਨ। ਕਮਲ ਦਾ ਫੁੱਲ ਫੜੀ ਪ੍ਰਨੀਤ ਕੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵੋਟ ਮੰਗ ਰਹੇ ਹਨ। ਭਾਵੇਂ ਰਾਮ ਮੰਦਰ ਫੈਕਟਰ ਆਮ ਹਿੰਦੂ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ ਪ੍ਰੰਤੂ ਪੇਂਡੂ ਇਲਾਕਿਆਂ ਵਿਚ ਭਾਜਪਾ ਦਾ ਕਮਜ਼ੋਰ ਆਧਾਰ ਅਤੇ ਕਿਸਾਨ ਯੂਨੀਅਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਵਿਰੋਧ ਪ੍ਰਨੀਤ ਕੌਰ ਦੇ ਰਾਹ ਵਿਚ ਰੋੜੇ ਅਟਕਾ ਰਿਹਾ ਹੈ ਪਰ ਇਸ ਦੇ ਨਾਲ ਹੀ 1999, 2004 ਤੋਂ 2009 ਵਿਚ ਲਗਾਤਾਰ ਤਿੰਨ ਵਾਰ ਅਤੇ ਫਿਰ 2019 ਵਿਚ ਲੋਕ ਸਭਾ ਸੀਟ ਜਿੱਤਣਾ ਉਨ੍ਹਾਂ ਦੀ ਜਨਤਾ ਨਾਲ ਗੂੜੀ ਸਾਂਝ ਦਾ ਸਬੂਤ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਨੀਤ ਕੌਰ ਕਾਂਗਰਸ ਦੇ ਲੋਕਲ ਲੀਡਰਾਂ ਦੇ ਨਾਲ-ਨਾਲ ਕਾਂਗਰਸ ਦਾ ਲੋਕਲ ਵੋਟ ਬੈਂਕ ਵੀ ਆਪਣੇ ਨਾਲ ਹੀ ਲੈ ਗਏ ਹਨ।ਆਮ ਆਦਮੀ ਪਾਰਟੀ ਵੱਲੋਂ 2014 ਵਿਚ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੂੰ ਮੈਦਾਨ ਵਿਚ ਉਤਾਰਿਆ ਹੈ। ਡਾ. ਗਾਂਧੀ ਨੇ 2014 ਵਿਚ ਉਦੋਂ ਦੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਜੇਤੂ ਰੱਥ ਨੂੰ ਰੋਕਦਿਆਂ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। 2019 ਵਿਚ ਨਵਾਂ ਪੰਜਾਬ ਪਾਰਟੀ ਤੋਂ ਚੋਣ ਲੜਦਿਆਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੂੰ ਮਿਲੇ ਡੇਢ ਲੱਖ ਵੋਟ ਆਮ ਜਨਤਾ ਵਿਚ ਉਨ੍ਹਾਂ ਦੇ ਅਕਸ ਦੀ ਗਵਾਹੀ ਭਰਦੇ ਹਨ। ਭਾਰਤ ਜੋੜੋ ਯਾਤਰਾ ਤੋਂ ਲੈ ਕੇ ਪਿਛਲੇ ਸਮੇਂ ਦਰਮਿਆਨ ਰਾਹੁਲ ਗਾਂਧੀ ਦੇ ਚਹੇਤੇ ਬਣੇ ਡਾ. ਗਾਂਧੀ ਹੁਣ ਤੀਜੀ ਵਾਰ ਚੋਣ ਮੈਦਾਨ ਵਿਚ ਹਨ। ਡਾ. ਗਾਂਧੀ ਨੂੰ ਟਕਸਾਲੀ ਕਾਂਗਰਸੀ ਲੀਡਰਾਂ ਦੀ ਅੰਦਰਖਾਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਉਹ ਪੁਰਾਣੇ ਕਾਮਰੇਡਾਂ ਨੂੰ ਨਾਲ ਤੋਰਨ ‘ਚ ਕਾਮਯਾਬ ਹੋਏ ਹਨ। ਸੂਬੇ ਦੀ ਸਿਆਸਤ ਤੋਂ ਲੈ ਕੇ ਜਨਤਾ ‘ਚ ਉਨ੍ਹਾਂ ਦੀ ਪਕੜ ਅਤੇ ਬਤੌਰ ਸੰਸਦ ਮੈਂਬਰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦਾ ਰਿਪੋਰਟ ਕਾਰਡ ਉਨ੍ਹਾਂ ਨੂੰ ਮਜ਼ਬੂਤ ਉਮੀਦਵਾਰ ਬਣਾ ਰਿਹਾ ਹੈ। ਹਾਲਤ ਇਹ ਹਨ ਕਿ ਹਰ ਉਮੀਦਵਾਰ ਆਪਣੀ ਟੱਕਰ ‘ਚ ਡਾ. ਗਾਂਧੀ ਨੂੰ ਹੀ ਆਪਣਾ ਨੰਬਰ ਇਕ ਵਿਰੋਧੀ ਮੰਨ ਰਿਹਾ ਹੈ।ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਨੂੰ ਫੁੱਲਸਟਾਪ ਲਾਉਂਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਡਾ. ਬਲਬੀਰ ਸਿੰਘ ਦੇ ਰੂਪ ਵਿਚ ਤੁਰਪ ਦਾ ਯੱਕਾ ਸੁੱਟਿਆ ਹੈ। ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ‘ਆਪ’ ਦੇ ਵਿਧਾਇਕ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਡਾ. ਬਲਬੀਰ ਸਿੰਘ ਦੀ ਚੋਣ ਮੁਹਿੰਮ ਨੂੰ ਤਾਕਤ ਦੇ ਰਹੇ ਹਨ। 2019 ਵਿਚ ‘ਆਪ’ ਦੇ ਉਮੀਦਵਾਰ ਨੀਨਾ ਮਿੱਤਲ ਜਿੱਤ ਹਾਸਲ ਨਹੀਂ ਕਰ ਸਕੇ ਸਨ ਪਰ ਇਸ ਵਾਰ ਸਿਆਸੀ ਸਮੀਕਰਨ ਬਦਲੇ ਹੋਣ ਕਾਰਨ ਡਾ. ਬਲਬੀਰ ਸਿੰਘ ਪਾਸਾ ਪਲਟ ਸਕਦੇ ਹਨ। ਡਾ. ਬਲਬੀਰ ਸਿੰਘ ਦੇ ਜਿੱਤਣ ਦੀ ਹਾਲਤ ਵਿਚ ਮੰਤਰੀ ਬਣਨ ਦੀ ਉਮੀਦ ਲਾਈ ਬੈਠੇ ਕੁਝ ਵਿਧਾਇਕਾਂ ਨੇ ਉਨ੍ਹਾਂ ਲਈ ਦਿਨ-ਰਾਤ ਇਕ ਕਰ ਰੱਖਿਆ ਹੈ। ਐੱਮਐੱਲਏ ਟਿਕਟ ਦੀ ਉਮੀਦ ਲਾਈ ਬੈਠੇ ਪਾਰਟੀ ਦੇ ਨਵੇਂ ਲੀਡਰ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ।ਸ਼੍ਰ੍ਰੋਮਣੀ ਅਕਾਲੀ ਦਲ ਲਈ ਇਸ ਵਾਰ ਸਥਿਤੀ ਪਹਿਲੀਆਂ ਚੋਣਾਂ ਨਾਲੋਂ ਵੱਖਰੀ ਹੈ। ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਢਾਈ ਦਹਾਕੇ ਤੋਂ ਵੱਧ ਸਮੇਂ ਬਾਅਦ ਬਿਨਾਂ ਕਿਸੇ ਸਹਾਰੇ ਚੋਣ ਮੈਦਾਨ ‘ਚ ਹੈ। ਅਕਾਲੀ ਦਲ ਨੇ ਡੇਰਾਬੱਸੀ ਤੋਂ ਦੋ ਵਾਰ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਰਹਿ ਚੁੱਕੇ ਐੱਨਕੇ ਸ਼ਰਮਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। 1998 ਤੋਂ ਬਾਅਦ ਅਕਾਲੀ ਦਲ ਨੂੰ ਪਟਿਆਲਾ ਸੀਟ ’ਤੇ ਜਿੱਤ ਹਾਸਲ ਨਹੀਂ ਹੋ ਸਕੀ ਹੈ ਪਰ ਵਿਰੋਧੀਆਂ ਨੂੰ ਬਰਾਬਰ ਦੀ ਟੱਕਰ ਦਿੰਦਾ ਰਿਹਾ ਹੈ। 2009, 2014 2019 ਦੀਆਂ ਲੋਕ ਸਭਾ ਚੋਣਾਂ ਵਿਚ ਹਰ ਵਾਰ ਅਕਾਲੀ ਦਲ 30 ਪ੍ਰਤੀਸ਼ਤ ਤੋਂ ਵੱਧ ਵੋਟ ਲੈ ਕੇ ਆਪਣੇ ਜਨਆਧਾਰ ਦਾ ਸਬੂਤ ਦਿੰਦਾ ਰਿਹਾ ਹੈ। 18ਵੀਂ ਲੋਕ ਸਭਾ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਐੱਨਕੇ ਸ਼ਰਮਾ ਭਾਵੇਂ ਜ਼ਿਲ੍ਹੇ ਲਈ ਨਵਾਂ ਚਿਹਰਾ ਹਨ ਪਰ ਸਿਆਸੀ ਮੁੱਦਿਆਂ ’ਤੇ ਕੀਤੀ ਜਾ ਰਹੀ ਤਕਰੀਰ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਪੁਆਧ ਇਲਾਕੇ ਵਿਚ ਚੰਗੀ ਪਕੜ ਅਤੇ ਆਪਣੀ ਪੇਂਡੂ ਇਲਾਕਿਆਂ ’ਚ ਅਕਾਲੀ ਦਲ ਦੀ ਰਵਾਇਤੀ ਵੋਟ ਨੂੰ ਦੋਬਾਰਾ ਨਾਲ ਜੋੜਨ ਦੀ ਨੀਤੀ ਉਨ੍ਹਾਂ ਦੇ ਵਿਰੋਧੀਆਂ ਲਈ ਸਿਰਦਰਦ ਬਣੀ ਹੋਈ ਹੈ।ਲੋਕ ਸਭਾ ਹਲਕਾ ਪਟਿਆਲਾ ਤੋਂ ਭਾਵੇਂ ਬਸਪਾ ਦੇ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕੇ ਪਰ ਵੋਟ ਦਾ ਕੁਝ ਪ੍ਰਤੀਸ਼ਤ ਆਪਣੇ ਵੱਲ ਖਿੱਚਣ ’ਚ ਸਫ਼ਲ ਜ਼ਰੂਰ ਹੋਏ ਹਨ। 2011 ਦੀ ਜਨਗਣਨਾ ਮੁਤਾਬਕ ਜ਼ਿਲ੍ਹਾ ਪਟਿਆਲਾ ਵਿਚ ਲਗਪਗ ਇਕ ਚੌਥਾਈ ਦਲਿਤ ਆਬਾਦੀ ਹੈ। ਦਲਿਤ ਵੋਟ ਬੈਂਕ ਬਸਪਾ ਦਾ ਟਾਰਗੈੱਟ ਹੈ। ਹਾਲਾਂਕਿ ਹਰ ਪਾਰਟੀ ਦਾ ਦਲਿਤ ਵਿੰਗ ਐਕਟਿਵ ਹੈ ਲੇਕਿਨ ਸਾਈਲੈਂਟ ਦਲਿਤ ਵੋਟਰ ਬਸਪਾ ਦੇ ਹੱਕ ਵਿਚ ਭੁਗਤਦਾ ਰਿਹਾ ਹੈ। ਇਸ ਵਾਰ ਬਹੁਜਨ ਸਮਾਜ ਪਾਰਟੀ ਨੇ ਪਟਿਆਲਾ ਹਲਕੇ ਤੋਂ ਜਗਜੀਤ ਸਿੰਘ ਛੜਬੜ ’ਤੇ ਦਾਅ ਖੇਡਿਆ ਹੈ। ਪੁਆਧ ਇਲਾਕੇ ਨਾਲ ਸਬੰਧਤ ਜਗਜੀਤ ਸਿੰਘ ਛੜਬੜ ਪਾਰਟੀ ਦੇ ਜ਼ਮੀਨੀ ਪੱਧਰ ਦੇ ਆਗੂ ਹਨ। ਮੁੱਢੋਂ ਹੀ ਪਾਰਟੀ ਨਾਲ ਜੁੜੇ ਹੋਣ ਕਰ ਕੇ ਹਲਕੇ ਵਿਚ ਚੰਗੀ ਪਛਾਣ ਰੱਖਦੇ ਹਨ। ਪਿੰਡਾਂ ਵਿਚ ਬਸਪਾ ਦਾ ਆਧਾਰ ਹੋਣ ਕਰ ਕੇ ਛੜਬੜ ਵੀ ਵਿਰੋਧੀਆਂ ਲਈ ਚੁਣੌਤੀ ਬਣੇ ਹੋਏ ਹਨ।