ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਣੇ 43 ਲੋਕਾਂ ਨੂੰ ਇੱਕ ਕੇਸ ਵਿੱਚੋਂ ਬਾਇੱਜਤ ਬਰੀ ਕਰ ਦਿੱਤਾ ਹੈ। ਪੁਲਿਸ ਨੇ 2017 ਵਿੱਚ ਧਰਨਾ ਲਾਉਣ ਕਰਕੇ 49 ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ 43 ਲੋਕਾਂ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਜਦਕਿ ਇਸ ਦੌਰਾਨ ਪੰਜ ਦੀ ਮੌਤ ਹੋ ਚੁੱਕੀ ਹੈ। ਇੱਕ ਨੂੰ ਗੈਰ ਹਾਜ਼ਰ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਦਸੰਬਰ 2017 ਹਰੀਕੇ ਪੱਤਣ ਵਾਲੇ ਪੁਲ ‘ਤੇ ਲੱਗੇ ਧਰਨੇ ਦੌਰਾਨ ਹੋਏ ਦਰਜ ਪਰਚੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰ ਮਜੀਠੀਆ ਨੇ ਜ਼ੀਰਾ ਅਦਾਲਤ ਵਿੱਚ ਹਾਜ਼ਰੀ ਭਰੀ। ਇਸ ਕੇਸ ਵਿੱਚ ਜੱਜ ਪਰਮਿੰਦਰ ਕੌਰ ਨੇ ਸਮੂਹ ਲੀਡਰਾਂ ਨੂੰ ਬਾਇੱਜਤ ਬਰੀ ਕਰ ਦਿੱਤਾ।
ਦਰਅਸਲ ਦਸੰਬਰ 2017 ਵਿੱਚ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ। ਇਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਦੁਆਰਾ ਹਰੀਕੇ ਪੱਤਣ ਬੰਗਾਲੀ ਵਾਲਾ ਪੁਲ ਨੂੰ ਜਾਮ ਕਰਕੇ ਧਰਨਾ ਦਿੱਤਾ ਗਿਆ ਸੀ।
ਇਸ ਕਰਕੇ 8 ਦਸੰਬਰ 2017 ਨੂੰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਸਮੇਤ 49 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਅੱਜ ਤਰੀਖ਼ ਸੀ। ਕੋਰਟ ਵੱਲੋਂ 49 ਵਿੱਚੋਂ 43 ਲੋਕਾਂ ਨੂੰ ਬਾਇੱਜਤ ਬਰੀ ਕਰ ਦਿੱਤਾ ਹੈ। ਜਦਕਿ ਇਸ ਦੌਰਾਨ ਪੰਜ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਨੂੰ ਗੈਰ ਹਾਜ਼ਰ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਸੀ। ਇਹ ਪਰਚਾ ਵੈਸੇ ਵੀ ਇੱਕ ਸਿਆਸੀ ਰੰਜਸ ਤਹਿਤ ਕੀਤਾ ਗਿਆ ਸੀ। ਇਸ ਮੌਕੇ ਬਿਕਰਮ ਮਜੀਠੀਆ ਨੇ ਹਰਜੋਤ ਬੈਂਸ ਦੇ ਵਿਸ਼ੇ ‘ਤੇ ਬੋਲਦੇ ਕਿਹਾ ਕਿ ਜੇਕਰ ਇਹ ਸੱਚੇ ਸੀ ਤਾਂ ਇਨ੍ਹਾਂ ਦੇ ਮਹਿਕਮੇ ਬਦਲੇ ਕਿਉਂ ਗਏ। ਤੀਰਥ ਯਾਤਰਾ ਵਾਲੇ ਵਿਸ਼ੇ ਤੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਖੁਦ ਵੀ ਤੀਰਥ ਯਾਤਰਾ ਕਰੇ ਤੇ ਇਹ ਆਪਣੀਆਂ ਪੈੱਗ ਪਿਆਲੇ ਵਾਲੀਆਂ ਆਦਤਾਂ ਛੱਡੇ।