ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ
ਜਲੰਧਰ ਦੇ ਤਿਲਕ ਨਗਰ ‘ਚ ਸਥਿਤ ਪਲਾਸਟਿਕ ਸਕਰੈਪ ਦੇ ਗੋਦਾਮ ‘ਚ ਬੀਤੀ ਰਾਤ 2 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਗਰ ਇੰਟਰਪ੍ਰਾਈਜ਼ਜ਼ ਨਾਂ ਦੀ ਫਰਮ ਦੇ ਗੋਦਾਮ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਆਸ-ਪਾਸ ਦੇ ਕਈ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਫਾਇਰ ਬ੍ਰਿਗੇਡ ਤੇ ਪੁਲਿਸ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਘਰਾਂ ਨੂੰ ਖਾਲੀ ਕਰਵਾਇਆ। ਇਕ ਘਰ ‘ਚ ਸਿਲੰਡਰ ਧਮਾਕਾ ਹੋ ਗਿਆ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ। ਪਲਾਸਟਿਕ ਦੇ ਸਕਰੈਪ ਕਾਰਨ ਅੱਗ ਇੰਨੀ ਵੱਧ ਗਈ ਕਿ ਸਵੇਰੇ 10 ਵਜੇ ਤੱਕ ਫਾਇਰ ਵਿਭਾਗ ਦੀਆਂ ਟੀਮਾਂ ਅੱਗ ‘ਤੇ ਕਾਬੂ ਪਾਉਣ ‘ਚ ਰੁੱਝੀਆਂ ਹੋਈਆਂ ਸਨ। ਅੱਗ ‘ਤੇ ਕਾਬੂ ਪਾਉਣ ਲਈ ਕਪੂਰਥਲਾ, ਕਰਤਾਰਪੁਰ ਸਮੇਤ ਜਲੰਧਰ ਦੇ ਬਾਹਰਲੇ ਸਟੇਸ਼ਨਾਂ ਤੋਂ ਦਰਜਨਾਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਵਿਭਾਗ ਨੇ ਸਵੇਰੇ 10 ਵਜੇ ਤੱਕ ਪਾਣੀ ਦੀਆਂ 100 ਤੋਂ ਵੱਧ ਗੱਡੀਆਂ ਤਾਇਨਾਤ ਕਰ ਦਿੱਤੀਆਂ ਸਨ। ਫਾਇਰ ਵਿਭਾਗ ਦੀਆਂ ਟੀਮਾਂ ਨੇ ਪਾਣੀ ਦੇ ਨਾਲ ਅੱਗ ਬੁਝਾਉਣ ਵਾਲੇ ਫੋਮ ਦੀ ਵਰਤੋਂ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਤੌਰ ‘ਤੇ ਪਤਾ ਨਹੀਂ ਲੱਗ ਸਕਿਆ ਹੈ।