ਕਾਹਨੂੰਵਾਨ ਬਾਈਪਾਸ ਤੋਂ ਇੱਕ ਨੌਜਵਾਨ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸਨ।
ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਸਥਿਤ ਬੱਬਰੀ ਹਾਈਟੈਕ ਨਾਕੇ ਤੇ ਸੋਮਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨ ਨੇ ਏਐੱਸਆਈ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਏਐੱਸਆਈ ਇਸ ਘਟਨਾ ਵਿੱਚ ਵਾਲ- ਵਾਲ ਬਚ ਗਿਆ। ਚੌਕੀ ‘ਤੇ ਮੌਜੂਦ ਅਧਿਕਾਰੀਆਂ ਨੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਤੋਂ ਇਲਾਵਾ ਦੋ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਿਟੀ ਮੋਹਨ ਸਿੰਘ ਅਤੇ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਾਹਨੂੰਵਾਨ ਬਾਈਪਾਸ ਤੋਂ ਇੱਕ ਨੌਜਵਾਨ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸਨ। ਬੱਬਰੀ ਬਾਈਪਾਸ ‘ਤੇ ਪਹੁੰਚਣ ‘ਤੇ ਨੌਜਵਾਨ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਉਹ ਡਿੱਗ ਗਿਆ।ਚੌਕੀ ‘ਤੇ ਮੌਜੂਦ ਏਐੱਸਆਈ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਖੇਤਾਂ ਵੱਲ ਭੱਜ ਗਿਆ। ਉਸ ਨੂੰ ਭੱਜਦਾ ਦੇਖ ਕੇ ਚੌਕੀ ‘ਤੇ ਖੜ੍ਹੇ ਏਐੱਸਆਈ ਸਤਵਿੰਦਰ ਭੱਟੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਏਐੱਸਆਈ ਨੂੰ ਪਿੱਛੇ ਆਉਂਦੇ ਦੇਖ ਨੌਜਵਾਨ ਨੇ ਆਪਣੇ ਪਿਸਤੌਲ ਨਾਲ ਹਵਾ ਵਿੱਚ ਫਾਇਰ ਕਰ ਦਿੱਤਾ ਪਰ ਏਐੱਸਆਈ ਨੇ ਪਿੱਛਾ ਨਹੀਂ ਛੱਡਿਆ। ਇਹ ਦੇਖ ਕੇ ਮੁਲਜ਼ਮ ਨੇ ਏਐੱਸਆਈ ’ਤੇ ਸਿੱਧੀਆਂ ਦੋ ਗੋਲੀਆਂ ਚਲਾ ਦਿੱਤੀਆਂ। ਇਸ ਦੇ ਬਾਵਜੂਦ ਏਐੱਸਆਈ ਭੱਟੀ ਨੇ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਕੁਝ ਹੋਰ ਨੌਜਵਾਨ ਕਾਰਾਂ ‘ਚ ਸਵਾਰ ਹੋ ਕੇ ਮੌਕੇ ‘ਤੇ ਪਹੁੰਚ ਗਏ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਤੋਂ ਪਿਸਤੌਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਥਾਣਾ ਸਦਰ ਦੀ ਹੋਰ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਉਨ੍ਹਾਂ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਜਿਨ੍ਹਾਂ ਨੂੰ ਥਾਣਾ ਸਦਰ ਵਿਖੇ ਲਿਜਾਇਆ ਗਿਆ। ਦੂਜੇ ਪਾਸੇ ਮਾਮਲੇ ਸਬੰਧੀ ਡੀਐੱਸਪੀ ਸਿਟੀ ਮੋਹਨ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ। ਜਾਂਚ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।