ਸਤਨਾਮ ਸਿੰਘ ਪੁੱਤਰ ਸਰਜਾ ਸਿੰਘ ਵਾਸੀ ਮਹਿਦੀਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਕਵਲਜੀਤ ਕੌਰ ਦਾ ਵਿਆਹ ਸਾਲ 2023 ’ਚ ਇੰਦਰਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਰੱਤੋਕੇ ਨਾਲ ਹੋਇਆ ਸੀ
ਨਜ਼ਦੀਕੀ ਪਿੰਡ ਰੱਤੋਕੇ ਵਿਖੇ ਇਕ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ’ਤੇ ਪੁੱਜੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਉਸਦੇ ਪਤੀ, ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਸਤਨਾਮ ਸਿੰਘ ਪੁੱਤਰ ਸਰਜਾ ਸਿੰਘ ਵਾਸੀ ਮਹਿਦੀਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਕਵਲਜੀਤ ਕੌਰ ਦਾ ਵਿਆਹ ਸਾਲ 2023 ’ਚ ਇੰਦਰਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਰੱਤੋਕੇ ਨਾਲ ਹੋਇਆ ਸੀ। ਉਸਦਾ ਸਹੁਰਾ ਪਰਿਵਾਰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ ਤੇ ਉਸਦੀ ਕਈ ਵਾਰ ਕੁੱਟਮਾਰ ਵੀ ਕੀਤੀ।
ਉਨ੍ਹਾਂ ਨੇ ਕਈ ਵਾਰ ਮੋਹਤਬਰਾਂ ਦੀ ਹਾਜ਼ਰੀ ਵਿਚ ਰਾਜੀਨਾਮਾਂ ਵੀ ਕਰਵਾਇਆ। ਲੰਘੇ ਦਿਨ ਸਵੇਰੇ ਉਸਦੀ ਲੜਕੀ ਦਾ ਫੋਨ ਆਇਆ ਕਿ ਉਸਦੇ ਪਤੀ ਤੇ ਸਹੁਰੇ ਨੇ ਕੁੱਟਮਾਰ ਕੀਤੀ ਹੈ ਅਤੇ ਉਹ ਹੁਣ ਆਪਣੀ ਜਾਨ ਦੇ ਦੇਵੇਗੀ। ਫੋਨ ਤੋਂ ਬਾਅਦ ਉਹ ਆਪਣੇ ਭਰਾ ਸਲਵਿੰਦਰ ਸਿੰਘ ਅਤੇ ਪਿੰਡ ਦੇ ਮੋਹਤਬਰ ਪ੍ਰਗਟ ਸਿੰਘ ਨੂੰ ਲੈ ਕੇ ਲੜਕੀ ਕੋਲ ਜਾਣ ਵਾਸਤੇ ਘਰੋਂ ਚੱਲ ਪਿਆ।
ਪਰ ਸ਼ਾਮ ਕਰੀਬ ਸਾਢੇ 4 ਵਜੇ ਉਸਦੇ ਜਵਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਕੁਝ ਖਾ ਲਿਆ ਹੈ ਤੇ ਉਸਦੀ ਮੌਤ ਹੋ ਚੁੱਕੀ ਹੈ। ਜਦੋਂ ਉਹ ਰੱਤੋਕੇ ਪਹੁੰਚੇ ਤਾਂ ਉਸਦੀ ਲੜਕੀ ਕਵਲਜੀਤ ਕੌਰ (25) ਦੀ ਲਾਸ਼ ਘਰ ਦੇ ਵਿਹੜੇ ਵਿਚ ਪਈ ਸੀ।
ਦੂਜੇ ਪਾਸੇ ਥਾਣਾ ਚੋਹਲਾ ਸਾਹਿਬ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਜੱਸਾ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਬਿਆਨ ਕਲਮਬੰਦ ਕਰਕੇ ਮ੍ਰਿਤਕਾ ਦੇ ਪਤੀ ਇੰਦਰਜੀਤ ਸਿੰਘ, ਸਹੁਰੇ ਭਾਗ ਸਿੰਘ ਅਤੇ ਸੱਸ ਪਰਮਜੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।