ਵੀਰਵਾਰ ਨੂੰ ਸੂਬੇ ਵਿਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਪੰਜਾਬ ਦੇ ਕੁਝ ਹਿੱਸਿਆਂ ਵਿਚ ਸ਼ੁੱਕਰਵਾਰ ਤੋਂ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ ਅਗਲੇ ਤਿੰਨ ਦਿਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੂਰੇ ਸੂਬੇ ਵਿਚ ਕਈ ਥਾਵਾਂ ’ਤੇ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ। 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾ ਤੇ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੂਬੇ ਵਿਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ, ਪਠਾਨਕੋਟ ਦਾ 47, ਪਟਿਆਲਾ ਦਾ 46.2, ਲੁਧਿਆਣਾ ਦਾ 45.6 ਤੇ ਫ਼ਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਕਰੀਬ ਦੋ ਹਫ਼ਤੇ ਤੋਂ ਸੂਬੇ ਵਿਚ ਲੂ ਅਤੇ ਅੱਤ ਦੀ ਲੂ ਚੱਲ ਰਹੀ ਹੈ। ਦਿਨ ਦੇ ਨਾਲ ਰਾਤ ਨੂੰ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਵੀਰਵਾਰ ਨੂੰ ਬਠਿੰਡਾ ਵਿਚ ਅੱਤ ਦੀ ਲੂ ਦੀ ਸਥਿਤੀ ਰਹੀ, ਜਦਕਿ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਫ਼ਰੀਦਕੋਟ ਵਿਚ ਲੂ ਚੱਲੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਦੋ ਜੂਨ ਤੱਕ ਪੰਜਾਬ ਵਿਚ ਕਈ ਥਾਵਾਂ ’ਤੇ ਲੂ ਚੱਲਣ ਦਾ ਸਿਲਸਿਲਾ ਜਾਰੀ ਰਹੇਗਾ ਤੇ ਰਾਤਾਂ ਵੀ ਗਰਮ ਰਹਿਣਗੀਆਂ।