ਐੱਮਜੀਐੱਫ ਵੱਲੋਂ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2018 ਵਿੱਚ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਨਾਲ ਸਮਝੌਤਾ ਹੋਇਆ ਸੀ…
ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐੱਸਏਐੱਸ ਨਗਰ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ (ਜੇਐੱਲਪੀਪੀਐੱਲ) ਖ਼ਿਲਾਫ਼ ਡੀਐੱਲਐੱਫ ਫੇਜ਼ 2 ਥਾਣੇ ਵਿੱਚ ਅਦਾਲਤ ਦੇ ਹੁਕਮਾਂ ’ਤੇ 150 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਸ਼ਿਕਾਇਤ ਉਨ੍ਹਾਂ ਖ਼ਿਲਾਫ਼ ਐੱਮਜੀਐੱਫ ਬਿਲਡਰਜ਼ ਕੰਪਨੀ ਦੀ ਤਰਫੋਂ ਕੀਤੀ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ਜਨਤਾ ਲੈਂਡ ਪ੍ਰਮੋਟਰਜ਼ ਨੇ ਐੱਮਜੀਐੱਫ ਦੀ ਜ਼ਮੀਨ ‘ਤੇ ਪ੍ਰਾਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ।
ਐੱਮਜੀਐੱਫ ਵੱਲੋਂ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2018 ਵਿੱਚ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਨਾਲ ਸਮਝੌਤਾ ਹੋਇਆ ਸੀ।
ਇਸ ਤਹਿਤ ਮੁਹਾਲੀ ਦੇ ਸੈਕਟਰ 94 ਵਿੱਚ 117 ਏਕੜ ਜ਼ਮੀਨ ਵਿੱਚੋਂ ਐੱਮਜੀਐੱਫ ਦੀ 58 ਏਕੜ ਜ਼ਮੀਨ ਅਤੇ ਜਨਤਾ ਲੈਂਡ ਪ੍ਰਮੋਟਰਜ਼ ਕੰਪਨੀ ਦੀ 59 ਏਕੜ ਜ਼ਮੀਨ ’ਤੇ ਪ੍ਰਾਜੈਕਟ ਵਿਕਸਤ ਕਰਨ ਦੀ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਸੀ। ਜੇਐੱਲਪੀਪੀਐੱਲ ਕੰਪਨੀ ਨੂੰ ਵਿਕਸਤ ਖੇਤਰ ਵੇਚਣ ਲਈ ਵੀ ਅਧਿਕਾਰਤ ਕੀਤਾ ਗਿਆ ਸੀ।
ਸਮਝੌਤੇ ਦੇ ਆਧਾਰ ‘ਤੇ ਐੱਮਜੀਐੱਫ ਨੂੰ ਕੁੱਲ 180 ਕਰੋੜ, 41 ਲੱਖ, 98 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਕੰਪਨੀ ਨੇ ਦੋਸ਼ ਲਾਇਆ ਕਿ ਜੇਐੱਲਪੀਪੀਐੱਲ ਨੇ ਜ਼ਮੀਨ ਦੇ ਸਮਝੌਤੇ ਦੇ ਕਾਗਜ਼ਾਤ ਜਾਅਲੀ ਬਣਾਏ ਹਨ। ਉਸ ਨੂੰ ਜੇਐੱਲਪੀਪੀਐੱਲ ਵੱਲੋਂ ਸਿਰਫ਼ 24 ਕਰੋੜ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ।
ਐੱਮਜੀਐੱਫ ਦੀ ਤਰਫ਼ੋਂ ਦਿੱਤੀ ਸ਼ਿਕਾਇਤ ਵਿੱਚ ਸਮਝੌਤੇ ਅਨੁਸਾਰ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਗਿਆ ਸੀ। ਕਿਹਾ ਗਿਆ ਸੀ ਕਿ ਇਸ ਕਾਰਨ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕੰਪਨੀ ਦੀ ਸ਼ਿਕਾਇਤ ‘ਤੇ ਸੋਮਵਾਰ ਨੂੰ ਡੀਐੱਲਐੱਫ ਫੇਜ਼ 2 ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।