ਮਰਹੂਮ ਸਿੱਧੂ ਮੂਸੇਵਾਲਾ ਦੇ 11 ਜੂਨ ਨੂੰ ਆਉਣ ਵਾਲੇ ਜਨਮਦਿਨ ਮੌਕੇ ਪਰਿਵਾਰ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ 11 ਜੂਨ ਨੂੰ ਜਨਮਦਿਨ ਮੌਕੇ ਮੂਸਾ ਪਿੰਡ ਵਿਖੇ ਕੈਂਸਰ ਜਾਗਰੂਕਤਾ ਤੇ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਜਨਮ ਦਿਨ ਮੌਕੇ ਨਵੇਕਲਾ ਕਾਰਜ ਕੀਤਾ ਜਾਵੇਗਾ। ਇਸ ਦੌਰਾਨ ਉਨਾਂ ਵੱਲੋਂ ਵਰਲਡ ਕੈਂਸਰ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।
ਹਰ ਸਾਲ ਕੀਤਾ ਜਾਂਦਾ ਹੈ ਨਵੇਕਲਾ ਉਪਰਾਲਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਜੂਨ ਨੂੰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਆ ਰਿਹਾ ਹੈ। ਉਹਨਾਂ ਕਿਹਾ ਕਿ ਹਰ ਵਾਰ ਉਸਦੇ ਜਨਮਦਿਨ ‘ਤੇ ਨਵੇਕਲਾ ਕਾਰਜ ਕੀਤਾ ਜਾਂਦਾ ਹੈ ਪਰ ਇਸ ਵਾਰ ਉਹਨਾਂ ਵੱਲੋਂ ਐਸਬੀਆਈ ਵੱਲੋਂ ਵਰਲਡ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਸ ਕੈਂਪ ਦੇ ਵਿੱਚ ਜਿੱਥੇ ਲੋਕਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਉਥੇ ਹੀ ਚੈੱਕ ਅਪ ਵੀ ਕੀਤੇ ਜਾਣਗੇ। ਇਸ ਦੌਰਾਨ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੂਸਾ ਪਿੰਡ ਦੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਇਸ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਤੇ ਵੱਧ ਚੜ੍ਹ ਕੇ ਲੋਕ ਇਸ ਕੈਂਪ ਦੇ ਵਿੱਚ ਹਿੱਸਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਕੈਂਪ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਜਨਮਦਿਨ ਤੋਂ 13 ਦਿਨ ਪਹਿਲਾਂ ਯਾਨੀ ਕਿ 29 ਮਈ ਨੂੰ ਗੈਂਗਸਟਰਾਂ ਵੱਲੋਂ ਰੇਕੀ ਕਰਕੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈਕੇ ਅੱਜ ਤੱਕ ਮਾਪਿਆਂ ਸਣੇ ਲੱਖਾਂ ਕਰੋੜਾਂ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ। ਪਰ ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।
ਉਥੇ ਹੀ ਇਸ ਹੀ ਸਾਲ ਮਾਤਾ ਚਰਨ ਕੌਰ ਵੱਲੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ। ਜਿਸ ਨੂੰ ਲੋਕ ਪਿਆਰ ਨਾਲ ਛੋਟਾ ਸਿੱਧੂ ਕਹਿੰਦੇ ਹਨ ਅਤੇ ਆਸ ਕਰਦੇ ਹਨ ਕਿ ਇਸ ਪੁੱਤਰ ਦੇ ਆਉਣ ਨਾਲ ਪਰਿਵਾਰ ਨੂੰ ਮੁੜ ਤੋਂ ਜਿਉਂਣ ਦਾ ਸਹਾਰਾ ਮਿਲੇਗਾ।