ਜ਼ਖ਼ਮੀ ਕੌਂਸਲਰ ਕੁਲਜੀਤ ਕੌਰ ਨੇ ਦੱਸਿਆ ਕਿ ਸਵੇਰੇ ਉਹ ਸੀਤਲਾ ਮੰਦਰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਅਚਾਨਕ ਆਏ ਦੋ ਲੁਟੇਰਿਆਂ ਨੇ ਉਸ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਕਾਰਨ ਉਹ ਹੇਠਾਂ ਡਿੱਗ ਪਈ।
ਬੁੱਧਵਾਰ ਸਵੇਰੇ ਦੋ ਅਣਪਛਾਤੇ ਲੁਟੇਰੇ ਟਾਂਡਾ ਸ਼ਹਿਰ ਨਾਲ ਸਬੰਧਤ ਇਕ ਮਹਿਲਾ ਕੌਂਸਲਰ ਕੁਲਜੀਤ ਕੌਰ ਪਤਨੀ ਰਕੇਸ਼ ਕੁਮਾਰ ਬਿੱਟੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪਰਿਵਾਰਕ ਮੈਬਰਾਂ ਨੇ ਜ਼ਖ਼ਮੀ ਕੌਂਸਲਰ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਹਨ।
ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਕੌਂਸਲਰ ਕੁਲਜੀਤ ਕੌਰ ਨੇ ਦੱਸਿਆ ਕਿ ਸਵੇਰੇ ਉਹ ਸੀਤਲਾ ਮੰਦਰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਅਚਾਨਕ ਆਏ ਦੋ ਲੁਟੇਰਿਆਂ ਨੇ ਉਸ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਕਾਰਨ ਉਹ ਹੇਠਾਂ ਡਿੱਗ ਪਈ। ਲੁਟੇਰੇ ਉਸ ਦੇ ਕੰਨਾਂ ‘ਚ ਪਾਏ ਸੋਨੇ ਦੇ ਟਾਪਸ ਤੇ ਹੱਥ ‘ਚ ਪਾਈ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ‘ਤੇ ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਕੌਂਸਲਰ ਦੇ ਬਿਆਨ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਹਸਪਤਾਲ ਵਿਖੇ ਇਕੱਠੇ ਹੋਏ ਕੌਂਸਲਰਾਂ ਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਜਿੱਥੇ ਇਸ ਘਟਨਾ ਦੀ ਜ਼ੋਰਧਾਰ ਨਿਖੇਧੀ ਕੀਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਦੀ ਪਛਾਣ ਕਰ ਕੇ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ।