Thursday, October 22, 2026
Google search engine
HomeDesh‘ਆਜ਼ਾਦੀ ਤੋਂ ਬਾਅਦ ਪਹਿਲੀ ਵਾਰ Jalandhar ‘ਚ ਕੌਮਾਂਤਰੀ ਹਾਕੀ…’ ਪੰਜਾਬ ਸਰਕਾਰ ਨੇ...

‘ਆਜ਼ਾਦੀ ਤੋਂ ਬਾਅਦ ਪਹਿਲੀ ਵਾਰ Jalandhar ‘ਚ ਕੌਮਾਂਤਰੀ ਹਾਕੀ…’ ਪੰਜਾਬ ਸਰਕਾਰ ਨੇ ਦੱਸਿਆ ਖੇਡ ਕ੍ਰਾਂਤੀ

ਸੀਐੱਮ ਮਾਨ ਨੇ ਰਚਿਆ ਇਤਿਹਾਸ: ਮੀਤ ਹੇਅਰ

ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦੀ ਮੇਜ਼ਬਾਨੀ ਪੰਜਾਬ ਦੀ ਝੋਲੀ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ ‘ਤੇ ਧੰਨਵਾਦ ਪ੍ਰਗਟਾਇਆ ਹੈ। ਦੇਸ਼ ਦੀ ਆਜ਼ਾਦੀ ਉਪਰੰਤ ਇਹ ਪਹਿਲਾ ਇਤਿਹਾਸਕ ਮੌਕਾ ਬਣਨ ਜਾ ਰਿਹਾ ਹੈ ਜਦੋਂ ਜਲੰਧਰ ਦਾ ਨਾਮਵਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਸ਼ਾਨਦਾਰ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ।
ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲੇ ਜਲੰਧਰ ਜ਼ਿਲ੍ਹੇ ਦੇ ਨਰਸਰੀ ਕਹਾਉਂਦੇ ਪਿੰਡ ਸੰਸਾਰਪੁਰ ਨੇ ਦੁਨੀਆ ਨੂੰ 14 ਕੌਮਾਂਤਰੀ ਖਿਡਾਰੀ ਅਤੇ 7 ਓਲੰਪਿਕ ਤਗ਼ਮੇ ਦਿੱਤੇ ਹਨ। ਇਸ ਤੋਂ ਇਲਾਵਾ ਮੌਜੂਦਾ ਭਾਰਤੀ ਟੀਮ ਦੇ ਪ੍ਰਮੁੱਖ ਸਿਤਾਰੇ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਆਪਣੇ ਸ਼ਾਨਦਾਰ ਖੇਡ ਸਫ਼ਰ ਦੀ ਸ਼ੁਰੂਆਤ ਇਸੇ ਇਤਿਹਾਸਕ ਮੈਦਾਨ ਤੋਂ ਕੀਤੀ ਸੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਟੀਮ ਦਾ ਹੌਸਲਾ ਵਧਾਉਣ ਅਤੇ ਹਾਕੀ ਵਿੱਚ ਸੂਬੇ ਦੇ ਸ਼ਾਨਦਾਰ ਯੋਗਦਾਨ ਦਾ ਜਸ਼ਨ ਮਨਾਉਣ ਲਈ ਆਪਣੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚਣ।
ਜਲੰਧਰ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਨੂੰ ਪੰਜਾਬ ਲਿਆ ਕੇ ਇੱਕ ਨਵਾਂ ਸੁਨਹਿਰੀ ਇਤਿਹਾਸ ਸਿਰਜਿਆ ਹੈ। ਮੈਂ ਪੂਰੇ ਸੂਬੇ ਦੇ ਹਾਕੀ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਅੱਗੇ ਆਉਣ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਸਮੇਤ ਮੋਹਾਲੀ ਦੇ ਸਟੇਡੀਅਮ ਵਿੱਚ ਪਹੁੰਚ ਕੇ ਟੀਮ ਇੰਡੀਆ ਦੀ ਹੌਸਲਾ-ਅਫ਼ਜ਼ਾਈ ਕਰਨ।”
ਉਨ੍ਹਾਂ ਭਾਵੁਕ ਹੁੰਦਿਆਂ ਅੱਗੇ ਕਿਹਾ, “ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੜ੍ਹੇ ਹੋ ਕੇ ਮੈਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਇਤਿਹਾਸਕ ਮੈਦਾਨ, ਜਿਸ ਨੇ ਦੇਸ਼ ਨੂੰ ਮਹਾਨ ਹਾਕੀ ਖਿਡਾਰੀ, ਓਲੰਪੀਅਨ ਅਤੇ ਤਗ਼ਮਾ ਜੇਤੂ ਦਿੱਤੇ ਹਨ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦਾ ਗਵਾਹ ਬਣੇਗਾ। ਇਹ ਇਤਿਹਾਸਕ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਹ ਸਾਡੇ ਪੰਜਾਬ ਅਤੇ ਇਸ ਦੀ ਅਮੀਰ ਖੇਡ ਵਿਰਾਸਤ ਲਈ ਇੱਕ ਬੇਮਿਸਾਲ ਪਲ ਹੈ।”

ਭਾਰਤੀ ਹਾਕੀ ਵਿੱਚ ਪੰਜਾਬ ਦਾ ਅਦੁੱਤੀ ਯੋਗਦਾਨ

ਭਾਰਤੀ ਹਾਕੀ ਖੇਤਰ ਵਿੱਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਇਕੱਲੇ ਸੰਸਾਰਪੁਰ ਪਿੰਡ ਨੇ ਹੀ 14 ਅੰਤਰਰਾਸ਼ਟਰੀ ਹਾਕੀ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚੋਂ 9 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ, 4 ਨੇ ਕੀਨੀਆ ਵੱਲੋਂ ਖੇਡਿਆ ਅਤੇ ਇੱਕ ਖਿਡਾਰੀ ਨੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਇਸੇ ਇੱਕ ਪਿੰਡ ਨੇ ਦੇਸ਼ ਨੂੰ 7 ਓਲੰਪਿਕ ਤਗ਼ਮੇ ਵੀ ਦਿਵਾਏ ਹਨ। ਭਾਰਤੀ ਹਾਕੀ ਵਿੱਚ ਪੰਜਾਬ ਦਾ ਯੋਗਦਾਨ ਹਮੇਸ਼ਾ ਲਾਸਾਨੀ ਰਿਹਾ ਹੈ ਅਤੇ ਸਾਡੀ ਇਹ ਮਾਣਮੱਤੀ ਖੇਡ ਵਿਰਾਸਤ ਅੰਤਰਰਾਸ਼ਟਰੀ ਮੰਚ ‘ਤੇ ਸ਼ਾਨਦਾਰ ਢੰਗ ਨਾਲ ਜਸ਼ਨ ਮਨਾਉਣ ਦੀ ਹੱਕਦਾਰ ਹੈ।”
ਉਨ੍ਹਾਂ ਟੂਰਨਾਮੈਂਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, “ਇਸ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿੱਚ ਏਸ਼ੀਆ ਦੀਆਂ 6 ਪ੍ਰਮੁੱਖ ਟੀਮਾਂ—ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਹਿੱਸਾ ਲੈਣਗੀਆਂ। ਮੈਂ ਪੰਜਾਬ ਦੇ ਹਰ ਖੇਡ ਪ੍ਰੇਮੀ ਅਤੇ ਮਾਪਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਟੇਡੀਅਮ ਲੈ ਕੇ ਆਉਣ ਤਾਂ ਜੋ ਉਹ ਲਾਈਵ ਅੰਤਰਰਾਸ਼ਟਰੀ ਹਾਕੀ ਦੇਖ ਸਕਣ ਅਤੇ ਟੀਮ ਇੰਡੀਆ ਦਾ ਜੋਸ਼ ਵਧਾਉਣ। ਮੌਜੂਦਾ ਸਮੇਂ ਭਾਰਤੀ ਟੀਮ ਵਿੱਚ ਪੰਜਾਬ ਦੇ 9 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਹ ਆਪਣੇ ਘਰੇਲੂ ਮੈਦਾਨਾਂ ‘ਤੇ ਸੂਬਾ ਵਾਸੀਆਂ ਦੇ ਪੂਰਨ ਸਮਰਥਨ ਦੇ ਪੂਰੇ ਹੱਕਦਾਰ ਹਨ।”

ਘਰੇਲੂ ਦਰਸ਼ਕਾਂ ਸਾਹਮਣੇ ਉਤਰਨਗੇ ਸਟਾਰ ਖਿਡਾਰੀ

ਭਾਰਤੀ ਹਾਕੀ ਦੇ ਚਮਕਦੇ ਸਿਤਾਰਿਆਂ ਦਾ ਉਚੇਚਾ ਜ਼ਿਕਰ ਕਰਦਿਆਂ ਮੀਤ ਹੇਅਰ ਨੇ ਕਿਹਾ, “ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਆਪਣੇ ਹਾਕੀ ਸਫ਼ਰ ਦੇ ਸ਼ੁਰੂਆਤੀ ਕਦਮ ਇਸੇ ਮੈਦਾਨ ‘ਤੇ ਪੁੱਟੇ ਸਨ। ਪੈਰਿਸ ਓਲੰਪਿਕ ਸਮੇਤ ਦੁਨੀਆ ਦੇ ਵੱਡੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੂੰ ਆਪਣੇ ਹੀ ਘਰੇਲੂ ਦਰਸ਼ਕਾਂ ਦੇ ਸਾਹਮਣੇ ਕੌਮਾਂਤਰੀ ਟੀਮਾਂ ਵਿਰੁੱਧ ਉਸੇ ਮੈਦਾਨ ਵਿੱਚ ਖੇਡਣ ਦਾ ਇਤਿਹਾਸਕ ਮੌਕਾ ਮਿਲੇਗਾ ਜਿੱਥੋਂ ਉਨ੍ਹਾਂ ਨੇ ਹਾਕੀ ਫੜਨੀ ਸਿੱਖੀ ਸੀ। ਇਹ ਸਮੁੱਚੇ ਪੰਜਾਬ ਲਈ ਇੱਕ ਅਤਿਅੰਤ ਮਾਣਮੱਤਾ ਅਤੇ ਭਾਵੁਕ ਪਲ ਹੈ।”
‘ਆਪ’ ਸੰਸਦ ਮੈਂਬਰ ਨੇ ਸਮੂਹ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ, “ਪੰਜਾਬ ਦੀ ਧਰਤੀ ‘ਤੇ ਇਸ ਵੱਕਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਆਯੋਜਨ ਲਈ ਸੂਬਾ ਵਾਸੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ। ਮੈਂ ਟੀਮ ਇੰਡੀਆ ਨੂੰ ਜਿੱਤ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹਰ ਪੰਜਾਬੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ 27 ਅਕਤੂਬਰ ਤੋਂ ਸ਼ੁਰੂ ਹੋ ਰਹੇ ਮੈਚਾਂ ਦੌਰਾਨ ਸਟੇਡੀਅਮਾਂ ਵਿੱਚ ਪਹੁੰਚ ਕੇ ਮਾਣ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਸਟੇਡੀਅਮ ਭਰ ਦੇਣ। ਆਓ, ਸਾਰੇ ਇਕਜੁੱਟ ਹੋ ਕੇ ਪੂਰੀ ਦੁਨੀਆ ਨੂੰ ਦਿਖਾ ਦੇਈਏ ਕਿ ਪੰਜਾਬੀਆਂ ਦੀਆਂ ਰਗਾਂ ਅਤੇ ਰੂਹ ਵਿੱਚ ਹਾਕੀ ਅੱਜ ਵੀ ਧੜਕਦੀ ਹੈ।”
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments