ਪਹਿਲੀ ਮਈ ਨੂੰ ਰਿਲੀਜ਼ ਇਸ ਫਿਲਮ ਦੀ ਕਹਾਣੀ 1989 ਦੇ ਦਹਾਕੇ ਦੀ ਪਿੱਠਭੂਮੀ ’ਤੇ ਅਧਾਰਿਤ ਹੈ
ਸਾਲ 2025 ਨੂੰ ਹਿੰਦੀ ਸਿਨੇਮਾ ਤੇ ਫਿਲਮ ਪ੍ਰੇਮੀਆਂ ਲਈ ਬੇਹੱਦ ਦਿਲਚਸਪ ਤੇ ਯਾਦਗਾਰੀ ਸਾਲ ਮੰਨਿਆ ਜਾ ਰਿਹਾ ਹੈ। ਇਸ ਸਾਲ ਐਕਸ਼ਨ, ਰੋਮਾਂਸ, ਕਾਮੇਡੀ, ਬਾਇਓਪਿਕਸ, ਇਤਿਹਾਸਿਕ, ਥ੍ਰਿਲਰ ਸਮੇਤ ਹਰ ਸ਼ੈਲੀ ਦੀਆਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ’ਚੋਂ ਕੁਝ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਧੂਮ ਮਚਾ ਦਿੱਤੀ ਜਦੋਂਕਿ ਕੁਝ ਅਸਫਲ ਰਹੀਆਂ। ਸ਼ੁਰੂਆਤੀ ਮਹੀਨਿਆਂ ’ਚ ਬਹੁਗਿਣਤੀ ਹਿੰਦੀ ਫਿਲਮਾਂ ਦੀ ਕਾਰਗੁਜ਼ਾਰੀ ਜ਼ਿਆਦਾ ਵਧੀਆ ਨਹੀਂ ਰਹੀ ਪਰ ਸਾਲ ਦੇ ਅੰਤ ਤੱਕ ਪਹੁੰਚਦੇ ਬਾਲੀਵੁੱਡ ਫਿਲਮਾਂ ਦੇ ਸਿਨੇ-ਪਰਦੇ ’ਤੇ ਜ਼ਬਰਦਸਤ ਪ੍ਰਦਰਸ਼ਨ ਨਾਲ ਫਿਲਮ ਇੰਡਸਟਰੀ ਬੇਹੱਦ ਰੋਮਾਂਚਿਤ ਨਜ਼ਰ ਆਈ। ਜਨਵਰੀ 2025 ਤੋਂ ਲੈ ਕੇ ਦਸੰਬਰ 2025 ਤਕ 135 ਦੇ ਕਰੀਬ ਹਿੰਦੀ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ’ਚੋਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੇ ਨਾਮ ਹਨ: ‘ਛਾਵਾ’, ‘ਸੱਯਾਰਾ’, ‘ਵਾਰ 2’, ‘ਮਹਾਵਤਾਰ ਨਰਸਿਮਹਾ’, ‘ਧੁਰੰਧਰ’, ‘ਸਿਤਾਰੇ ਜ਼ਮੀਨ ਪਰ’, ‘ਰੇਡ 2’, ‘ਹਾਊਸਫੁੱਲ 5’, ‘ਸਿਕੰਦਰ’, ‘ਸਕਾਈ ਫੋਰਸ’, ‘ਤੇਰੇ ਇਸ਼ਕ ਮੇਂ’, ‘ਜਾਟ’, ‘ਏਕ ਦੀਵਾਨੇ ਕੀ ਦੀਵਾਨੀਅਤ’, ‘ਦੇ ਦੇ ਪਿਆਰ ਦੇ 2’ ਤੇ ‘ਥਾਮਾ’। ਹੋਰ ਵੀ ਕੁਝ ਐਸੀਆਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ ਵਿਲੱਖਣ ਵਿਸ਼ਾ ਵਸਤੂ, ਨਵੀਆਂ ਕਹਾਣੀਆਂ ਤੇ ਨਵੀਆਂ ਪ੍ਰਤਿਭਾਵਾਂ ਦੇ ਬਲ ’ਤੇ ਸਿਨੇ ਪ੍ਰੇਮੀਆਂ ਦੀ ਸਰਾਹਨਾ ਤੇ ਪਿਆਰ ਹਾਸਲ ਕੀਤਾ।
‘ਕੇਸਰੀ ਚੈਪਟਰ 2’
18 ਅਪ੍ਰੈਲ ਨੂੰ ਰਿਲੀਜ਼ ਇਸ ਫਿਲਮ ਦੀ ਕਹਾਣੀ 1919 ਜਲ੍ਹਿਆਂ ਵਾਲਾ ਬਾਗ਼ ਦੇ ਹੱਤਿਆ ਕਾਂਡ ਤੋਂ ਬਾਅਦ ਦੀਆਂ ਅਸਲ ਘਟਨਾਵਾਂ ’ਤੇ ਆਧਾਰਿਤ ਹੈ। ਇਹ ਫਿਲਮ ਭਾਰਤੀ ਵਕੀਲ ਸੀ. ਸ਼ੰਕਰਨ ਨਾਇਰ ਦੀ ਬ੍ਰਿਟਿਸ਼ ਸਰਕਾਰ ਵਿਰੁੱਧ ਕਾਨੂੰਨੀ ਲੜਾਈ ਨੂੰ ਿਵਖਾਉਂਦੀ ਹੈ। ਫਿਲਮ ਰਘੂ ਪਲਾਤ ਤੇ ਪੁਸ਼ਪਾ ਪਲਾਤ ਦੀ ਕਿਤਾਬ ‘ਦਾ ਕੇਸ ਦੈਟ ਸ਼ੂਕ ਦਾ ਇੰਪਾਇਰ’ ’ਤੇ ਅਧਾਰਿਤ ਸੀ ਜਿਸ ਨੂੰ ਕਰਨ ਸਿੰਘ ਤਿਆਗੀ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਨੇ ਬਾਕਸ-ਆਫਿਸ ’ਤੇ 144.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਕਸ਼ੈ ਕੁਮਾਰ ਨੇ ਵਕੀਲ ਨਾਇਰ ਦਾ ਮੁੱਖ ਕਿਰਦਾਰ ਅਤੇ ਅਦਾਕਾਰ ਮਾਧਵਨ ਨੇ ਬ੍ਰਿਟਿਸ਼ ਵਕੀਲ ਦਾ ਕਿਰਦਾਰ ਨਿਭਾਇਆ ਹੈ।
‘ਜੌਲੀ ਐੱਲਐੱਲਬੀ 3’
19 ਸਤੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਇਹ ਫਿਲਮ ਕਾਨੂੰਨੀ ਕਾਮੇਡੀ-ਡਰਾਮਾ ਤੇ ਪ੍ਰਸਿੱਧ ਜੌਲੀ ਐਲਐਲਬੀ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਹੈ। ਫਿਲਮ ’ਚ ਅਦਾਕਾਰ ਅਕਸ਼ੈ ਕੁਮਾਰ ਐਡਵੋਕੇਟ ਜਗਦੀਸ਼ਵਰ ‘ਜੌਲੀ’ ਮਿਸ਼ਰਾ ਦੀ ਭੂਮਿਕਾ ’ਚ ਤੇ ਅਦਾਕਾਰ ਅਰਸ਼ਦ ਵਾਰਸੀ ਐਡਵੋਕੇਟ ਜਗਦੀਸ਼ ‘ਜੌਲੀ’ ਤਿਆਗੀ ਦੀ ਭੂਮਿਕਾ ’ਚ ਪਹਿਲੀ ਵਾਰ ਦੋਵੇਂ ਇਕੱਠੇ ਨਜ਼ਰ ਆਏ। ਇਸ ਫਿਲਮ ਨੇ ਦੁਨੀਆ ਭਰ ’ਚ 166.06 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਿਫਲਮ ’ਚ ਹੁਮਾ ਕੁਰੈਸ਼ੀ, ਅੰਮ੍ਰਿਤਾ ਰਾਓ ਅਤੇ ਗਜਰਾਜ ਰਾਓ ਵੀ ਹਨ।
‘ਹਾਊਸਫੁੱਲ 5’
6 ਜੂਨ ਨੂੰ ਰਿਲੀਜ਼ ਇਹ ਫਿਲਮ ਪ੍ਰਸਿੱਧ ਹਾਊਸਫੁੱਲ ਫ੍ਰੈਂਚਾਇਜ਼ੀ ਦੀ ਪੰਜਵੀਂ ਕਿਸ਼ਤ ਹੈ। ਇਸ ਫੈਂਚਾਇਜ਼ੀ ਦੀ ਫਿਲਮ ਨੂੰ ਪਹਿਲੀ ਵਾਰ ਦੋ ਸੰਸਕਰਣਾਂ ’ਚ ਰਿਲੀਜ਼ ਕੀਤਾ-ਹਾਊਸਫੁੱਲ 5A ਤੇ ਹਾਊਸਫੁੱਲ 5B। ਪਹਿਲੇ ਦੋ ਘੰਟੇ ਦੋਵਾਂ ਦੇ ਇੱਕੋ ਜਿਹੇ ਹਨ ਪਰ ਆਖ਼ਰੀ 20 ਮਿੰਟਾਂ ’ਚ ਦੋਵਾਂ ਦੇ ਵੱਖ-ਵੱਖ ਅੰਤ ਤੇ ਵੱਖ-ਵੱਖ ਕਾਤਲ ਹਨ। ਫਿਲਮ ਦੀ ਕਹਾਣੀ ਲਗਜ਼ਰੀ ਕਰੂਜ਼ ਜਹਾਜ਼ ’ਤੇ ਸਵਾਰ ਤਿੰਨ ਧੋਖੇਬਾਜ਼ਾਂ (ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ ਤੇ ਅਭਿਸ਼ੇਕ ਬੱਚਨ) ਨੂੰ ਪੇਸ਼ ਕਰਦੀ ਹੈ ਜੋ ਮਰ ਚੁੱਕੇ ਅਰਬਪਤੀ ਦੇ ਲੰਬੇ ਸਮੇਂ ਤੋਂ ਗੁਆਚੇ ਵਾਰਸ ਹੋਣ ਦਾ ਦਾਅਵਾ ਪੇਸ਼ ਕਰਦੇ ਹਨ। ਫਿਲਮ ’ਚ 25 ਤੋਂ ਵੱਧ ਕਿਰਦਾਰ ਹਨ। ਫਿਲਮ ਨੇ ਬਾਕਸ-ਆਫਿਸ ’ਤੇ 242.8 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਸਭ ਤੋਂ ਵੱਧ ਸਫਲ ਫਿਲਮਾਂ ਦੀ ਸ਼੍ਰੇਣੀ ’ਚ ਆਪਣਾ ਨਾਮ ਦਰਜ ਕੀਤਾ।
‘ਥਾਮਾ’
21 ਅਕਤੂਬਰ ਨੂੰ ਦੀਵਾਲੀ ਮੌਕੇ ਰਿਲੀਜ਼ ਹੋਈ ਕਾਮੇਡੀ ਹੌਰਰ ਫਿਲਮ ਤੇ ਮੈਡੌਕ ਹੌਰਰ ਕਾਮੇਡੀ ਯੂਨੀਵਰਸ ਦੀ ਪੰਜਵੀਂ ਕਿਸ਼ਤ ਹੈ, ਜਿਸ ’ਚ ਸਤ੍ਰੀ, ਭੇੜੀਆ ਤੇ ਮੁੰਜਿਆ ਵਰਗੀਆਂ ਹਿੱਟ ਫਿਲਮਾਂ ਸ਼ਾਮਿਲ ਹਨ। ਬਾਕਸ-ਆਫ਼ਿਸ ’ਤੇ ਫਿਲਮ ਨੇ 169.75 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਅਦਾਕਾਰ ਆਯੂਸ਼ਮਾਨ ਖ਼ੁਰਾਨਾ ਤੇ ਰਸ਼ਮਿਕਾ ਮੰਦਾਨਾ ਦੀਆਂ ਭੂਮਿਕਾਵਾਂ ਵਾਲੀ ਇਸ ਫਿਲਮ ਦੇ ਨਿਰਦੇਸ਼ਕ ਹਨ ਅਦਿੱਤਿਆ ਸਰਪੋਤਦਾਰ।
‘ਰੇਡ 2’
ਪਹਿਲੀ ਮਈ ਨੂੰ ਰਿਲੀਜ਼ ਇਸ ਫਿਲਮ ਦੀ ਕਹਾਣੀ 1989 ਦੇ ਦਹਾਕੇ ਦੀ ਪਿੱਠਭੂਮੀ ’ਤੇ ਅਧਾਰਿਤ ਹੈ, ਜਿਸ ’ਚ ਅਜੈ ਦੇਵਗਨ ਨੇ ਇਨਕਮ ਟੈਕਸ ਅਧਿਕਾਰੀ ਅਮਯ ਪਟਨਾਇਕ ਦੀ ਭੂਮਿਕਾ ਨਿਭਾਈ ਹੈ ਜਿਸ ਦਾ ਤਬਾਦਲਾ ਮੱਧ ਪ੍ਰਦੇਸ਼ ਦੇ ਕਸਬੇ ਭੋਜ ’ਚ ਹੋ ਜਾਂਦਾ ਹੈ। ਇਥੇ ਉਸ ਦਾ ਸਾਹਮਣਾ ਭ੍ਰਿਸ਼ਟ ਨੇਤਾ ਦਾਦਾ ਭਾਈ ਅਦਾਕਾਰ ਰਿਤੇਸ਼ ਦੇਸ਼ਮੁੱਖ ਨਾਲ ਹੋ ਜਾਂਦਾ ਹੈ ਤੇ ਉਹ ਉਸ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਹੈ। ਫਿਲਮ 2018 ਦੀ ਹਿੱਟ ਫਿਲਮ ਦਾ ਸੀਕਵਲ ਹੈ। ਰਾਜ ਕੁਮਾਰ ਗੁਪਤਾ ਦੀ ਨਿਰਦੇਸ਼ਨਾ ’ਚ ਬਣੀ ਇਸ ਫਿਲਮ ’ਚ ਅਜੈ ਦੇਵਗਨ,ਰਿਤੇਸ਼ ਦੇਸ਼ਮੁੱਖ ਤੇ ਵਾਣੀ ਕਪੂਰ ਦੀਆਂ ਭੂਮਿਕਾਵਾਂ ਹਨ। 243.06 ਕਰੋੜ ਰੁਪਏ ਕਰੋੜ ਦੀ ਰਿਕਾਰਡ ਕਮਾਈ ਕਰ ਕੇ ਬਾਕਸ ਆਫਿਸ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮ ’ਚੋਂ ਇਕ ਹੋਣ ਦਾ ਐਜਾਜ਼ ਹਾਸਿਲ ਕੀਤਾ।
‘ਸੱਯਾਰਾ’
18 ਜੁਲਾਈ, 2025 ਨੂੰ ਰਿਲੀਜ਼ ਹੋਈ, ਇਹ ਫਿਲਮ ਨਵੇਂ ਚਿਹਰੇ ਅਹਾਨ ਪਾਂਡੇ ਤੇ ਅਨੀਤ ਪੱਡਾ ਦੀ ਪਹਿਲੀ ਫਿਲਮ ਹੈ। ਫਿਲਮ ਦੀ ਕਹਾਣੀ ਸੰਘਰਸ਼ਸ਼ੀਲ ਗਾਇਕ ਕ੍ਰਿਸ਼ ਕਪੂਰ ਤੇ ਲੇਖਿਕਾ ਵਾਣੀ ਦੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਦੇ ਰਿਸ਼ਤੇ ਦੀ ਪਰਖ ਉਦੋਂ ਹੁੰਦੀ ਹੈ, ਜਦੋਂ ਵਾਣੀ ਨੂੰ ਸ਼ੁਰੂਆਤੀ ਅਲਜ਼ਾਈਮਰ ਬਿਮਾਰੀ ਦਾ ਪਤਾ ਲੱਗਦਾ ਹੈ। ਫਿਲਮ ਦੀ ਵਧੀਆ ਕਹਾਣੀ ਤੇ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਦਿਲ ਨੂੰ ਛੂਹ ਲੈਣ ਵਾਲੇ ਸੰਗੀਤ ਨੂੰ ਵੀ ਬੇਹੱਦ ਪਸੰਦ ਕੀਤਾ ਗਿਆ ਹੈ। 2004 ਦੀ ਕੋਰੀਆਈ ਫਿਲਮ ‘ਏ ਮੋਮੈਂਟ ਟੂ ਰਿਮੈਂਬਰ’ ’ਤੇ ਆਧਾਰਿਤ ਇਸ ਫਿਲਮ ’ਚ ਨਾਮੀ ਫਿਲਮ ਸਟਾਰ ਭਾਵੇਂ ਨਹੀਂ ਸੀ ਪਰ ਫਿਰ ਵੀ ਨਵੇਂ ਕਲਾਕਾਰਾਂ ਨਾਲ ਸਜੀ ਇਸ ਫਿਲਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਅਤੇ ਬਾਕਸ-ਆਫਿਸ ’ਤੇ 579 ਕਰੋੜ ਰੁਪਏ ਦੇ ਕਰੀਬ ਕਮਾਈ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ।
‘ਸਿਤਾਰੇ ਜ਼ਮੀਨ ਪਰ’
20 ਜੂਨ 2025 ਨੂੰ ਰਿਲੀਜ਼ ਇਹ ਫਿਲਮ ਆਮਿਰ ਖ਼ਾਨ ਦੀ 2007 ’ਚ ਆਈ ਹਿੱਟ ਫਿਲਮ ‘ਤਾਰੇ ਜ਼ਮੀਨ ਪਰ’ ਦੀ ਸੀਕਵਲ ਫਿਲਮ ਹੈ ਜਿਸ ’ਚ ਸਪੋਰਟਸ ਵਿਸ਼ੇ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਪੇਸ਼ ਕੀਤਾ ਹੈ। ਨਿਰਦੇਸ਼ਕ ਆਰਐਸ. ਪ੍ਰਸੰਨਾ ਦੀ ਨਿਰਦੇਸ਼ਨਾ ’ਚ ਬਣੀ ਇਸ ਫਿਲਮ ਦੀ ਕਹਾਣੀ ਸਪੈਨਿਸ਼ ਫਿਲਮ ‘ਚੈਂਪੀਅਨ’ ਤੋਂ ਪ੍ਰੇਰਿਤ ਹੈ ਜਿਸ ’ਚ ਆਮਿਰ ਖ਼ਾਨ ਨੇ ਗੁਲਸ਼ਨ ਅਰੋੜਾ ਨਾਮ ਦੇ ਬੇਰਹਿਮ ਬਾਸਕਟਬਾਲ ਕੋਚ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਹੈੱਡ ਕੋਚ ਨੂੰ ਮੁੱਕਾ ਮਾਰਨ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ’ਚ ਜੇਲ੍ਹ ਦੀ ਸਜ਼ਾ ਸੁਣਾਉਣ ਦੀ ਬਜਾਏ, ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਸ ’ਚ ਬੌਧਿਕ ਤੌਰ ’ਤੇ ਅਸਮਰੱਥ ਖਿਡਾਰੀਆਂ ਦੀ ਟੀਮ ਨੂੰ ਰਾਸ਼ਟਰੀ ਬਾਸਕਟਬਾਲ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਸਿਖਲਾਈ ਦੇਣ ਦਾ ਕੰਮ ਦਿੱਤਾ ਜਾਂਦਾ ਹੈ। ਜਿਥੇ ਉਸ ਨੂੰ ਬੌਧਿਕ ਤੌਰ ’ਤੇ ਕਮਜ਼ੋਰ ਖਿਡਾਰੀਆਂ ਕੋਲੋਂ ਜੀਵਨ ਜਾਚ ਦਾ ਸਬਕ ਮਿਲਣ ਲੱਗਦਾ ਹੈ। ਇਸ ਸੁਪਰਹਿੱਟ ਫਿਲਮ ਨੇ ਬਾਕਸ-ਆਫ਼ਿਸ ’ਤੇ 266.49 ਕਰੋੜ ਰੁਪਏ ਦੇ ਲਗਪਗ ਰਿਕਾਰਡ ਕਮਾਈ ਕੀਤੀ ।
‘ਛਾਵਾ’
‘ਛਾਵਾ’ ਭਾਵ ਸ਼ੇਰ ਦਾ ਬੱਚਾ, ਲੇਖਕ ਸ਼ਿਵਾਜੀ ਸਾਵੰਤ ਦੇ ਮਰਾਠੀ ਨਾਵਲ ‘ਛਾਵਾ’ ’ਤੇ ਆਧਾਰਿਤ ਇਹ ਫਿਲਮ 14 ਫਰਵਰੀ 2025 ਨੂੰ ਰਿਲੀਜ਼ ਹੋਈ। ਇਹ ਮਰਾਠਾ ਸਾਮਰਾਜ ਦੇ ਦੂਜੇ ਸ਼ਾਸਕ ਸੰਭਾ ਜੀ ਮਹਾਰਾਜ ਦੇ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕਰਦੀ ਇਤਿਹਾਸਕ ਐਕਸ਼ਨ ਡਰਾਮਾ ਫਿਲਮ ਹੈ, ਜਿਸ ’ਚ ਸਾਲ 1680 ਤੋਂ 1689 ਦੇ ਉਸ ਦੌਰ ਨੂੰ ਦਿਖਾਇਆ ਹੈ। ਇਸ ਫਿਲਮ ’ਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤੇ ਮਰਾਠਾ ਸ਼ਾਸਕ ਸੰਭਾ ਜੀ ਮਹਾਰਾਜ ਦੀ ਜ਼ਬਰਦਸਤ ਟੱਕਰ ਵਿਖਾਈ ਗਈ ਹੈ। ਅਦਾਕਾਰ ਵਿੱਕੀ ਕੌਸ਼ਲ ਨੇ ਇਸ ਫਿਲਮ ’ਚ ਸੰਭਾ ਜੀ ਮਹਾਰਾਜ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਉਨ੍ਹਾਂ ਦੀ ਪਤਨੀ ਯਸੂਬਾਈ ਦਾ ਕਿਰਦਾਰ ਿਨਭਾਇਆ ਸੀ। ਇਸੇ ਤਰ੍ਹਾਂ ਅਦਾਕਾਰ ਅਕਸ਼ੈ ਖੰਨਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਕਿਰਦਾਰ ’ਚ ਬਿਹਤਰੀਨ ਅਦਾਕਾਰੀ ਕਰਦੇ ਨਜ਼ਰ ਆਏ। ਇਹ ਫਿਲਮ ਬਾਕਸ-ਆਫਿਸ ’ਤੇ 797.34 ਕਰੋੜ ਰੁਪਏ ਦੀ ਕਮਾਈ ਕਰ ਕੇ ਸਾਲ ਦੀ ਬਲਾਕਬਸਟਰ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ।
‘ਸਕਾਈ ਫੋਰਸ’
24 ਜਨਵਰੀ 2025 ਨੂੰ ਰਿਲੀਜ਼ ਹੋਈ ਦੇਸ਼-ਭਗਤੀ ’ਤੇ ਬਣੀ ਇਹ ਐਕਸ਼ਨ ਫਿਲਮ ਜੋ 1965 ’ਚ ਭਾਰਤ-ਪਾਕਿ ਦੀ ਲੜਾਈ ਦੌਰਾਨ ਭਾਰਤ ਵੱਲੋਂ ਸਰਗੋਧਾ ਏਅਰਬੇਸ ’ਤੇ ਹਵਾਈ ਹਮਲੇ ਦੀ ਗਾਥਾ ਨੂੰ ਬਿਆਨ ਕਰਦੀ ਹੈ। ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਤੇ ਨਿਮਰਤ ਕੌਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫਿਲਮ ’ਚ ਅਕਸ਼ੈ ਕੁਮਾਰ ਨੇ ਵਿੰਗ ਕਮਾਂਡਰ ਕੁਮਾਰ ਓਮ ਆਹੂਜਾ ਦੀ ਭੂਮਿਕਾ ਨਿਭਾਈ ਹੈ। 160 ਕਰੋੜ ਦੇ ਬਜਟ ’ਚ ਬਣੀ ਇਸ ਫਿਲਮ ਦੀ ਬਾਕਸ-ਆਫਿਸ ਕਮਾਈ 168.88 ਕਰੋੜ ਰੁਪਏ ਦੇ ਕਰੀਬ ਰਹੀ।
‘ਧੁਰੰਧਰ’
5 ਦਸੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਹੈ। ਅਕਸ਼ੈ ਖੰਨਾ ਵੱਲੋਂ ਨਿਭਾਏ ਰਹਿਮਾਨ ਡਕੈਤ ਦੇ ਖ਼ੂੰਖ਼ਾਰ ਕਿਰਦਾਰ ਨੂੰ ਬੇਹੱਦ ਪਸੰਦ ਗਿਆ ਹੈ। ਨਾਇਕ ਰਣਵੀਰ ਸਿੰਘ ਦੇ ਸਾਹਮਣੇ ਖ਼ਲਨਾਇਕ ਦੀ ਭੂਮਿਕਾ ’ਚ ਅਕਸ਼ੈ ਖੰਨਾ ਉਸ ’ਤੇ ਭਾਰੀ ਪੈਂਦੇ ਨਜ਼ਰ ਆ ਰਹੇ ਹਨ । ਅਦਿੱਤਿਆ ਧਰ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੇ ਹੁਣ ਤੱਕ 556.65 ਕਰੋੜ ਰੁਪਏ ਕਮਾਏ ਹਨ। ਸੰਜੇ ਦੱਤ, ਆਰ. ਮਾਧਵਨ ਤੇ ਅਰਜੁਨ ਰਾਮਪਾਲ ਵੀ ਅਹਿਮ ਭੂਿਮਕਾ ’ਚ ਹਨ।