HomeDesh‘ਧਾਰਮਿਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਿਆਂ ਲੋਕਾਂ ਦੇ ਹਿੱਤ ਲਈ ਕਰੋ ਕੰਮ’…ਕੈਨੇਡਾ...
‘ਧਾਰਮਿਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਿਆਂ ਲੋਕਾਂ ਦੇ ਹਿੱਤ ਲਈ ਕਰੋ ਕੰਮ’…ਕੈਨੇਡਾ ਚੋਣਾਂ ‘ਚ ਪੰਜਾਬੀਆਂ ਦੀ ਜਿੱਤ ‘ਤੇ ਧਾਮੀ ਨੇ ਦਿੱਤੀ ਵਧਾਈ
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਹਾਸਲ ਕਰਨ ਵਾਲੇ ਪੰਜਾਬੀ ਅਤੇ ਖਾਸਕਰ ਸਿੱਖ ਲੀਡਰਾਂ ਦੀ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਨ ਵਾਲੇ ਪੰਜਾਬੀ ਅਤੇ ਖਾਸਕਰ ਸਿੱਖ ਲੀਡਰਾਂ ਦੀ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਕੈਨੇਡਾ ਦੀ ਸਿਆਸਤ ਵਿੱਚ ਆਪਣੀ ਲੀਡਰਸ਼ਿਪ ਸਾਬਤ ਕਰਦਿਆਂ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਜਿੱਤ ਪੰਜਾਬੀਆਂ ਦੀ ਸੰਘਰਸ਼ਪੂਰਨ ਮਿਹਨਤ, ਇਮਾਨਦਾਰੀ ਅਤੇ ਮਾਨਵੀ ਸੇਵਾਵਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀ ਅਤੇ ਸਿੱਖ ਆਪਣੀ ਵਿਰਸਤੀ ਸਿੱਖਿਆ, ਨੈਤਿਕਤਾ ਅਤੇ ਇਤਿਹਾਸ ਦੀ ਸੇਧ ਵਿਚ ਨਾ ਸਿਰਫ਼ ਆਪਣੀ ਭਾਈਚਾਰਕ ਪਛਾਣ ਨੂੰ ਬਰਕਰਾਰ ਰੱਖ ਰਹੇ ਹਨ, ਸਗੋਂ ਆਲਮੀ ਸਿਆਸਤ ਵਿਚ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ।
ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰਨਗੇ ਪੰਜਾਬੀ – ਧਾਮੀ
SGPC ਪ੍ਰਧਾਨ ਨੇ ਉਮੀਦ ਜਤਾਈ ਕਿ ਚੁਣੇ ਗਏ ਇਹ ਸਿੱਖ ਅਤੇ ਪੰਜਾਬੀ Member of Parliament ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਉਤੇ ਪਹਿਰਾ ਦਿੰਦਿਆਂ ਕੈਨੇਡਾ ਵਿੱਚ ਰਾਜਨੀਤਕ ਤੌਰ ਤੇ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰਨਗੇ।
ਇਸ ਦੇ ਨਾਲ ਐਡਵੋਕੇਟ ਧਾਮੀ ਨੇ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਲਿਬਰਲ ਪਾਰਟੀ ਅਤੇ ਉਹਨਾਂ ਦੇ ਆਗੂ ਮਾਰਕ ਕਾਰਨੀ ਨੂੰ ਵੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜੇਤੂ ਉਮੀਦਵਾਰ ਸਮਾਜਿਕ ਨਿਆਂ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਨਗੇ।
ਲਿਬਰਲ ਪਾਰਟੀ ਨੇ ਹਾਸਲ ਕੀਤੀ ਹੈ ਜਿੱਤ
ਦੱਸ ਦੇਈਏ ਕੇ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਕੈਨੇਡਾ ਵਿੱਚ ਸੰਘੀ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਭਾਰਤੀ ਮੂਲ ਦੇ 65 ਉਮੀਦਵਾਰਾਂ ਵਿੱਚੋਂ, ਰਿਕਾਰਡ 22 ਉਮੀਦਵਾਰ ਹਾਊਸ ਆਫ਼ ਕਾਮਨਜ਼ ਲਈ ਵੀ ਚੁਣੇ ਗਏ ਹਨ। ਇਸ ਚੋਣ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ, 2021 ਦੀਆਂ ਚੋਣਾਂ ਵਿੱਚ, 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ। ਜਦੋਂ ਕਿ 2019 ਦੀਆਂ ਸੰਘੀ ਚੋਣਾਂ ਵਿੱਚ, ਪੰਜਾਬ ਮੂਲ ਦੇ 20 ਲੋਕ ਚੁਣੇ ਗਏ ਸਨ। ਇਸ ਵਾਰ ਪੰਜਾਬ ਮੂਲ ਦੇ 16 ਮੌਜੂਦਾ ਸੰਸਦ ਮੈਂਬਰ ਦੁਬਾਰਾ ਚੋਣ ਲੜ ਰਹੇ ਸਨ।