ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੰਜਾਬ ’ਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਭਲਕੇ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।
ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਹ ਚੋਣਾਂ ਬੇਹੱਦ ਅਹਿਮ ਹਨ। ਸਭ ਦੀਆਂ ਨਜ਼ਰਾਂ ਇਸ ਉਪਰ ਲੱਗੀਆਂ ਹਨ ਕਿ ਪੰਜਾਬ ‘ਚ ਇਸ ਵਾਰ ਫਿਰ ਭਗਵੰਤ ਮਾਨ ਦਾ ਸਿੱਕਾ ਚੱਲੇਗਾ ਜਾਂ ਕਾਂਗਰਸ ਕਰੇਗਾ ਮੈਦਾਨ ਫਤਹਿ ਕੇਰਗੀ।
ਦੱਸ ਦਈਏ ਕਿ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਰਾਖਵੇਂ ਹਲਕੇ ਚੱਬੇਵਾਲ ਦੇ ਵਿਧਾਇਕਾਂ ਨੇ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਵਿਧਾਇਕੀ ਤੋਂ ਅਸਤੀਫ਼ੇ ਦੇ ਦਿੱਤੇ ਸਨ ਜਿਸ ਕਰਕੇ ਇਨ੍ਹਾਂ ਹਲਕਿਆਂ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ।
ਜ਼ਿਮਨੀ ਚੋਣਾਂ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਦ੍ਰਿਸ਼ ਤੈਅ ਕਰਨਗੇ। ਇਨ੍ਹਾਂ ਚਾਰ ਹਲਕਿਆਂ ’ਚੋਂ ਤਿੰਨ ’ਚ ਪਹਿਲਾਂ ਕਾਂਗਰਸ ਕਾਬਜ਼ ਸੀ ਜਦੋਂਕਿ ਬਰਨਾਲਾ ਸੀਟ ‘ਆਪ’ ਕੋਲ ਸੀ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਚੋਣਾਂ ਵਿੱਚ ਪੰਜਾਬ ਪੁਲਿਸ ਦੇ 6481 ਜਵਾਨ ਤੇ ਅਧਿਕਾਰੀ ਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ 3868 ਪੋਲਿੰਗ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ ਤੇ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦੀ ਲਾਈਵ ਵੈੱਬਕਾਸਟਿੰਗ ਯਕੀਨੀ ਬਣਾਈ ਜਾਵੇਗੀ।
ਚਾਰੇ ਵਿਧਾਨ ਸਭਾ ਹਲਕਿਆਂ ’ਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਚੱਬੇਵਾਲ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ।
ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਇੰਜਨੀਅਰਿੰਗ ਵਿੰਗ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ।
ਗਿੱਦੜਬਾਹਾ ਦੀਆਂ ਵੋਟਾਂ ਦੀ ਗਿਣਤੀ ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ। ਬਰਨਾਲਾ ਦੀਆਂ ਵੋਟਾਂ ਦੀ ਗਿਣਤੀ ਐੱਸਡੀ ਕਾਲਜ ਆਫ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।
ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਪ੍ਰਚਾਰ ਦੌਰਾਨ ਚਾਰੋਂ ਹਲਕਿਆਂ ’ਚੋਂ ਕਰੀਬ 26 ਕਰੋੜ ਰੁਪਏ ਜ਼ਬਤ ਕੀਤੇ ਹਨ। ਸਭ ਤੋਂ ਵੱਧ ਡੇਰਾ ਬਾਬਾ ਨਾਨਕ ’ਚੋਂ 25.40 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ ਜਦੋਂ ਕਿ ਗਿੱਦੜਬਾਹਾ ਹਲਕੇ ’ਚੋਂ 4.70 ਲੱਖ, ਬਰਨਾਲਾ ’ਚੋਂ 55.40 ਲੱਖ ਅਤੇ ਚੱਬੇਵਾਲ ’ਚੋਂ 60 ਹਜ਼ਾਰ ਰੁਪਏ ਜ਼ਬਤ ਹੋਏ ਹਨ।
ਚੋਣ ਕਮਿਸ਼ਨ ਕੋਲ ਇਨ੍ਹਾਂ ਹਲਕਿਆਂ ’ਚੋਂ ਚੋਣ ਜ਼ਾਬਤੇ ਦੀਆਂ ਕੁੱਲ 85 ਸ਼ਿਕਾਇਤਾਂ ਪੁੱਜੀਆਂ ਸਨ ਜਿਨ੍ਹਾਂ ’ਚ ਚੱਬੇਵਾਲ ਤੋਂ 35, ਗਿੱਦੜਬਾਹਾ ’ਚੋਂ 24, ਡੇਰਾ ਬਾਬਾ ਨਾਨਕ ’ਚੋਂ 19 ਅਤੇ ਬਰਨਾਲਾ ਹਲਕੇ ’ਚੋਂ ਸੱਤ ਸ਼ਿਕਾਇਤਾਂ ਸ਼ਾਮਲ ਹਨ।
ਦਰਅਸਲ ਕਾਂਗਰਸ ਪਾਰਟੀ ਦੀ ਇਨ੍ਹਾਂ ਚੋਣਾਂ ਵਿੱਚ ਕਾਰਗੁਜ਼ਾਰੀ ਕਾਫ਼ੀ ਕੁਝ ਤੈਅ ਕਰੇਗੀ। ਗਿੱਦੜਬਾਹਾ ਸੀਟ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਡੇਰਾ ਬਾਬਾ ਨਾਨਕ ਸੀਟ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਹਰਮਨ ਪਿਆਰਤਾ ਨੂੰ ਤੈਅ ਕਰੇਗੀ।
ਇਨ੍ਹਾਂ ਸੀਟਾਂ ’ਤੇ ਹੋਣ ਵਾਲੀ ਹਾਰ-ਜਿੱਤ ਦਾ ਪ੍ਰਭਾਵ ਸਿੱਧੇ ਤੌਰ ’ਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਉਪਰ ਪਵੇਗਾ। ਇਨ੍ਹਾਂ ਚੋਣਾਂ ਰਾਹੀਂ ਆਮ ਆਦਮੀ ਪਾਰਟੀ ਦਾ ਸਿਆਸੀ ਕੱਦ ਵੀ ਮਾਪਿਆ ਜਾਵੇਗਾ। ਭਾਜਪਾ ਦੀ ਕਹਾਣੀ ਇਨ੍ਹਾਂ ਚੋਣਾਂ ਵਿਚ ਮਿਲਣ ਵਾਲੀ ਵੋਟ ਫ਼ੀਸਦੀ ਹੀ ਲਿਖੇਗੀ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਤੋਂ ਬਾਹਰ ਹੈ।