ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੇ ਸੂਬਿਆਂ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ਵਿੱਚ ਤਣਾਅ ਦਾ ਮਾਹੌਲ ਹੈ। ਜਿੱਥੇ ਇੱਕ ਪਾਸੇ ਪਾਕਿਸਤਾਨ ਵਾਰ ਵਾਰ ਇਹ ਗੱਲ ਕਹਿ ਰਿਹਾ ਹੈ ਕਿ ਭਾਰਤ ਉਸ ਉੱਪਰ ਕਦੋਂ ਵੀ ਹਮਲਾ ਕਰ ਸਕਦਾ ਹੈ। ਜਦੋਂ ਕਿ ਭਾਰਤ ਹਮਲੇ ਤੋਂ ਬਾਅਦ ਤੋਂ ਹੀ ਕੂਟਨੀਤਕ ਤੌਰ ਤੇ ਗੁਆਂਢੀ ਮੁਲਕ ਉੱਪਰ ਦਬਾਅ ਬਣਾ ਰਿਹਾ ਹੈ। ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਦਾ ਸਿੱਧਾ ਅਸਰ ਪੰਜਾਬ ਉੱਪਰ ਪਵੇਗਾ। ਪੰਜਾਬ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਸਾਂਝੀ ਕਰਦਾ ਹੈ।
ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਲਕੇ (7 ਮਈ ਨੂੰ) ਪਾਕਿਸਤਾਨ ਨਾਲ ਲੱਗਦੇ ਸੂਬਿਆਂ ਵਿੱਚ ਮੌਕ ਡ੍ਰਿੱਲ ਕਰਵਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਵਿੱਚ ਇਹ ਡ੍ਰਿੱਲ ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ, ਫਿਰੋਜ਼ਪੁਰ, ਰੋਪੜ, ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਪਠਾਨਕੋਟ, ਆਦਮਪੁਰ, ਬਰਨਾਲਾ, ਭਾਖੜਾ ਨੰਗਲ, ਹਲਵਾਰਾ, ਕੋਟਕਪੁਰਾ, ਬਟਾਲਾ, ਮੋਹਾਲੀ ਅਤੇ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਡਰਿੱਲ ਵਿੱਚ ਸਾਇਰਨ ਵਜਾਉਣ, ਬੰਕਰਾਂ ਦੀ ਸਫਾਈ, ਅਤੇ ਹਮਲੇ ਤੋਂ ਬਚਣ ਦੀ ਸਿਖਲਾਈ ਦੇਣੀ ਸ਼ਾਮਿਲ ਹੈ। ਇਹ ਡਰਿੱਲ ਸਿਵਲ ਰੱਖਿਆ ਪ੍ਰਣਾਲੀ ਦੀ ਤਿਆਰੀ ਦਾ ਮੁਲਾਂਕਣ (Test) ਕਰਨ ਅਤੇ ਲੋੜੀਂਦੇ ਬਦਲਾਅ ਕਰਨ ਲਈ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਇਹ ਜ਼ਿਲ੍ਹੇ ਪਾਕਿਸਤਾਨ ਦੀ ਚਿੰਤਾ ਕਿਉਂ ਵਧਾ ਰਹੇ ਹਨ।
ਅੰਮ੍ਰਿਤਸਰ- ਗੁਰੂ ਨਗਰੀ ਤੋਂ ਮਹਿਜ਼ 32 ਮੀਲ ਦੀ ਦੂਰੀ ਤੇ ਪਾਕਿਸਤਾਨ ਦਾ ਸ਼ਹਿਰ ਲਾਹੌਰ। ਜੇਕਰ ਪਾਕਿਸਤਾਨੀ ਫੌਜ ਹਮਲਾ ਕਰਦਾ ਹੈ ਤਾਂ ਉਸ ਦਾ ਨਿਸ਼ਾਨਾ ਅੰਮ੍ਰਿਤਸਰ ਸ਼ਹਿਰ ਹੋ ਸਕਦਾ ਹੈ ਕਿਉਂਕਿ ਇੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੁਨੀਆਂ ਭਰ ਵਿੱਚੋਂ ਆਉਂਦੇ ਹਨ। ਇਹ ਜ਼ਿਲ੍ਹਾ ਪਾਕਿਸਤਾਨ ਨਾਲ ਅਟਾਰੀ ਵ੍ਹਾਘਾ ਬਾਰਡਰ ਸਾਂਝਾ ਕਰਦਾ ਹੈ।


ਕੌਮਾਂਤਰੀ ਸਰਹੱਦ ਵੱਲ ਨੂੰ ਜਾਂਦਾ ਰਾਹ (ਸੰਕੇਤਕ ਤਸਵੀਰ)
ਬਠਿੰਡਾ- ਬੇਸ਼ੱਕ ਬਠਿੰਡਾ ਪਾਕਿਸਤਾਨ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਪਰ ਫਿਰ ਵੀ ਇਹ ਪਾਕਿਸਤਾਨ ਦੀਆਂ ਅੱਖਾਂ ਵਿੱਚ ਰੜਕਦਾ ਹੈ। ਕਿਉਂਕਿ ਇੱਥੇ ਵੱਡੀ ਫੌਜੀ ਛਾਉਣੀ ਹੈ ਜੋ ਕਿ ਕਿਸੇ ਵੀ ਸਮੇਂ ਬਾਰਡਰ ਦੇ ਜਾ ਕੇ ਮਦਦ ਕਰ ਸਕਦੀ ਹੈ। ਕੁੱਝ ਦਿਨ ਪਹਿਲਾਂ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਨੇ ਇੱਥੋ ਬਿਹਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਸੀ। ਜਿਸ ਉੱਪਰ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਸ਼ੱਕ ਹੈ।
ਬਰਨਾਲਾ- ਬਠਿੰਡਾ ਤੋਂ 50 ਕੁ ਕਿਲੋਮੀਟਰ ਤੇ ਸਥਿਤ ਬਰਨਾਲਾ ਵੀ ਪਾਕਿਸਤਾਨ ਲਈ ਵੱਡੀ ਸਿਰਦਰਦੀ ਹੈ। ਜੇਕਰ ਬਠਿੰਡਾ ਥਲ ਸੈਨਾ (ARMY) ਦਾ ਬੇਸ ਹੈ ਤਾਂ ਉੱਥੇ ਹੀ ਬਰਨਾਲਾ ਹਵਾਈ ਫੌਜ (AIR FORCE) ਦਾ ਗੜ੍ਹ ਹੈ। 1965 ਅਤੇ 71 ਦੀ ਜੰਗ ਵਿੱਚ ਇੱਥੋ ਹੀ ਹਵਾਈ ਫੌਜਾਂ ਦੇ ਜਹਾਜ਼ਾਂ ਨੇ ਉਡਾਰੀ ਭਰ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਸਨ। ਇਸ ਕਰਕੇ ਹੁਣ ਭਲਕੇ ਬਰਨਾਲਾ ਵਿੱਚ ਵੀ ਮੌਕ ਡਿੱਲ ਹੋਵੇਗੀ।
ਸੰਗਰੂਰ- ਸੰਗਰੂਰ ਮਾਲਵੇ ਇਲਾਕੇ ਦਾ ਅਹਿਮ ਸ਼ਹਿਰ ਹੈ। ਇੱਥੋਂ ਹੀ ਸਮੇਂ ਸਮੇਂ ਤੇ ਭਾਰਤੀ ਫੌਜ ਦੀਆਂ ਟੁਕੜੀਆਂ ਮੂਵਮੈਂਟ ਕਰਦੀਆਂ ਰਹਿੰਦੀਆਂ ਹਨ।
ਪਟਿਆਲਾ– ਸੰਗਰੂਰ ਦੇ ਨਾਲ ਹੀ ਪਟਿਆਲਾ ਲੱਗਦਾ ਹੈ, ਪਟਿਆਲਾ ਵਿੱਚ ਜਿੱਥੇ ਇੰਡੀਅਨ ਆਰਮੀ ਦਾ ਵੱਡਾ ਬੇਸ ਹੈ ਤਾਂ ਉੱਥੇ ਹੀ ਇੱਕ ਹਵਾਈ ਅੱਡਾ ਵੀ ਹੈ, ਜੇਕਰ ਲੋੜ੍ਹ ਪੈਂਦੀ ਹੈ ਤਾਂ ਭਾਰਤੀ ਹਵਾਈ ਫੌਜ ਵੀ ਇਸ ਦੀ ਵਰਤੋਂ ਕਰ ਸਕਦੀ ਹੈ।
ਫਿਰੋਜ਼ਪੁਰ- ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਫਿਰੋਜ਼ਪੁਰ ਵੀ ਹੈ। ਇੱਥੇ ਹੂਸੈਨੀਵਾਲਾ ਬਾਰਡਰ ਪੈਂਦਾ ਹੈ ਜੋ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੀ.ਕੇ. ਦੱਤ ਦਾ ਸਮਾਧੀ ਅਸਥਾਨ ਹੈ। ਇਸ ਥਾਂ ਨੂੰ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕਈ ਪਿੰਡ ਦੇ ਕੇ ਲਿਆ ਸੀ। ਇੱਥੋ ਹੀ ਸਤਲੁਜ ਦਰਿਆ ਪਾਕਿਸਤਾਨ ਵਿੱਚ ਦਾਖਿਲ ਹੁੰਦਾ ਹੈ।


ਹੁਸੈਨੀਵਾਲਾ ਵਿਖੇ ਲੱਗੇ ਸ਼ਹੀਦਾਂ ਦੇ ਬੁੱਤ
ਲੁਧਿਆਣਾ- ਇਸ ਨੂੰ ਬੇਸ਼ੱਕ ਪੰਜਾਬ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ, ਪਰ ਲੁਧਿਆਣਾ ਸੁਰੱਖਿਆ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੇ ਹੀ ਹਲਵਾਰਾ ਏਅਰਫੋਰਸ ਸੈਂਟਰ ਵੀ ਪੈਂਦਾ ਹੈ। ਜਿਸ ਵਿੱਚ ਦੇਸ਼ ਦੇ ਸਭ ਤੋਂ ਜ਼ਿਆਦਾ ਮਾਰੂ ਜਹਾਜ਼ ਜਿਵੇਂ ਰਾਫੇਲ, ਚਾਨੂਕ ਆਦਿ ਉਡਾਣ ਭਰਦੇ ਹਨ।
ਗੁਰਦਾਸਪੁਰ- ਮਾਝੇ ਇਲਾਕੇ ਵਿੱਚ ਗੁਰਦਾਸਪੁਰ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। 27 ਜੁਲਾਈ 2015 ਨੂੰ ਦੀਨਾਨਗਰ ਥਾਣੇ ਉੱਪਰ ਅੱਤਵਾਦੀ ਹਮਲਾ ਹੋਇਆ ਸੀ। ਗੁਰਦਾਸਪੁਰ ਦੇ ਸਾਹਮਣੇ ਕਰਤਾਰਪੁਰ ਸਾਹਿਬ (ਨਾਰੋਵਾਲ) ਹੈ ਅਤੇ ਉਸ ਤੋਂ ਹੀ ਥੋੜ੍ਹੀ ਦੂਰੀ ਤੇ ਗੁਜ਼ਰਾਵਾਲਾ ਸ਼ਹਿਰ ਪੈਂਦਾ ਹੈ। ਜੋ ਕਿ ਪਾਕਿਸਤਾਨ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ।
ਪਠਾਨਕੋਟ- ਇਹ ਪੰਜਾਬ ਦਾ ਉਹ ਜ਼ਿਲ੍ਹਾ ਹੈ ਜੋ ਇੱਕ ਪਾਸੇ ਪਾਕਿਸਤਾਨ ਨਾਲ ਬਾਰਡਰ ਸਾਂਝਾ ਕਰਦਾ ਹੈ ਤਾਂ ਦੂਜੇ ਪਾਸੇ ਜੰਮੂ ਅਤੇ ਕਸ਼ਮੀਰ ਨਾਲ। ਇਸ ਕਰਕੇ ਇਹ ਜ਼ਿਲ੍ਹਾ ਵੀ ਮਹੱਤਵਪੂਰਨ ਹੈ। ਇੱਥੇ ਭਾਰਤੀ ਫੌਜ ਦਾ ਏਅਰਬੇਸ ਹੈ ਜਿਸ ਤੇ 2 ਜਨਵਰੀ 2016 ਨੂੰ ਅੱਤਵਾਦੀ ਹਮਲਾ ਹੋਇਆ ਸੀ। ਇਸ ਕਰਕੇ ਪਾਕਿਸਤਾਨ ਨੂੰ ਪਠਾਨਕੋਟ ਵਾਲੇ ਪਾਸਿਓ ਕਰਾਰ ਜਵਾਬ ਮਿਲੇਗਾ।
ਭਾਖੜਾ ਨੰਗਲ- ਇਹ ਬੇਸ਼ੱਕ ਪਾਕਿਸਤਾਨ ਬਾਰਡਰ ਤੋਂ ਕਾਫੀ ਦੂਰ ਹੈ। ਪਰ ਪਾਣੀ ਦੀ ਸੁਰੱਖਿਆ ਲਈ ਇਹ ਇੱਕ ਅਹਿਮ ਪੁਆਇੰਟ ਹੈ। ਜੇਕਰ ਪਾਕਿਸਤਾਨ ਭਾਖੜਾ ਡੈਮ ਜਾਂ ਨੰਗਲ ਉੱਪਰ ਹਮਲਾ ਕਰਦਾ ਹੈ ਤਾਂ ਪੰਜਾਬ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਦੀ ਸੁਰੱਖਿਆ ਲਈ ਸਰਕਾਰ ਨੇ ਪਹਿਲਾਂ ਤੋ ਹੀ ਤਿਆਰੀ ਕਰ ਲਈ ਹੈ। ਜਿਸ ਦੇ ਲਈ ਇੱਥੇ ਵੀ ਮੌਕ ਡ੍ਰਿੱਲ ਕੀਤੀ ਜਾਵੇਗੀ।


ਭਾਖੜਾ ਨੰਗਲ ਡੈਮ